Sub Categories

ਦੇਖ ਸੜਕਾਂ ਤੇ ਬੈਠੇ
ਗੱਲ ਐਨੀ ਕੁ ਨਾ ਜਾਣੀ
ਸਾਡੇ ਘੋੜਿਆਂ ਨੇ ਪੀਤੇ
ਥੋਡੀ ਯਮਨਾ’ਚ ਪਾਣੀ
ਅਜੇ ਛੱਡਦਾ ਹੈ ਮਹਿਕਾਂ
ਨਹੀਂਓ ਸੁੱਕਿਆ ਗੁਲਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ ।

ਜੇ ਆਉਣਾ ਪਿਆ ਆਵਾਂਗੇ
ਬਘੇਲ ਸਿੰਘ ਵਾਂਗ
ਤੈਨੂੰ ਮਿਲਣੇ ਦੀ ਦਿਲਾਂ’ਚ
ਹੈ ਚਿਰਾਂ ਤੋਂ ਨੀ ਤਾਂਘ
ਅਸੀਂ ਤੇਗਾਂ ਵਾਲੇ ਸਾਧ
ਹੱਥੀਂ ਚੁੱਕਿਆ ਰਬਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ ।

ਤੇਰੇ ਤਖ਼ਤਾਂ ਦੀ ਸਿੱਲ
ਸੀ ਘੜੀਸ ਕੇ ਲਿਆਂਦੀ
ਪਈ ਬੁੰਗੇ ਹੇਠਾਂ ਦੇਖ ਆਈੰ
ਕਿਤੇ ਆਉਂਦੀ ਜਾਂਦੀ
ਸਾਡੇ ਉਹੀ ਨੇ ਨਿਸ਼ਾਨੇ
ਨਹੀਓ ਉੱਕਿਆ ਖੁਆਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁੱਕਿਆ ਪੰਜਾਬ।

ਸਾਨੂੰ ਪੀੜ ਨਹੀਂ ਥਿਆਉਂਦੀ
ਚੜੇ ਜ਼ੁਲਮਾਂ’ਚੋਂ ਜੋਸ਼
ਸਾਡੇ ਸੀਨੇ ਵਿਚ ਵਸੇ
ਇਹੇ ਵਕਤੀ ਨੀ ਰੋਸ
ਦੇਣਾ ਪੈਣਾ ਲੇਖਾ ਜੋਖਾ
ਨਹੀਓ ਮੁੱਕਿਆ ਹਿਸਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁੱਕਿਆ ਪੰਜਾਬ।

– ਸਤਵੰਤ ਸਿੰਘ
੦੩ ਅਕਤੂਬਰ ੨੦੨੦

(ਜਦੋਂ ਹਲੇ ਸੰਘਰਸ਼ ਪੰਜਾਬ’ਚ ਸੀ ਦਿੱਲੀ ਜਾਣ ਤੋੰ ਪੰਜਾਹ ਦਿਨ ਪਹਿਲਾਂ ਇਹ ਪਤਾ ਨਹੀੰ ਕਿਵੇੰ ਲਿਖਿਆ ਗਿਆ ਸੀ)