Sub Categories

ਜਬਰ ਜ਼ੁਲਮ ਵਾਲੀ ਧਰਤੀ ਤੇ ਅੱਤ ਹੋਈ
ਧਾਰ ਅਵਤਾਰ ਆਇਆ ਮਰਦ ਦਲੇਰ ਸੀ
ਦੁਖੀ ਮਜ਼ਲੂਮਾਂ, ਲਿੱਤੜੇ, ਲਿਤਾੜਿਆਂ ਨੂੰ
ਦੇਕੇ ਪਾਹੁਲ ਖੰਡੇ ਦੀ ਬਣਾ ਦਿੱਤਾ ਸ਼ੇਰ ਸੀ
ਸ਼ਹਿਰ ਸੀ ਆਨੰਦਪੁਰ ,ਦਿਨ ਸੀ ਵਿਸਾਖੀ ਵਾਲਾ
ਭਾਰੀ ਗਿਣਤੀ ਦੇ ਵਿੱਚ ਹੋਇਆ ਉਥੇ ਕੱਠ ਸੀ
ਪਾਈ ਜਾ ਵੰਗਾਰ ਜਦੋਂ ਸਿਰਾਂ ਵਾਲ਼ੀ ਪਾਤਸ਼ਾਹ ਨੇ
ਡਰਦੇ ਬਚਾ ਕੇ ਜਾਨ ਕਈ ਗਏ ਉਥੋਂ ਨੱਠ ਸੀ
ਉਠੇ ਦਇਆ ਰਾਮ ,ਉਠ , ਗਲ਼ ਵਿੱਚ ਪੱਲਾ ਪਾਕੇ
ਦਸਮ ਪਿਤਾ ਦੇ ਅੱਗੇ ਅਰਜ਼ ਗੁਜ਼ਾਰਦੇ
ਆਪਣਾ ਸਰੀਰ ਅਸੀਂ ,ਤੇਰੇ ਅੱਗੇ ਸੌਂਪ ਦਿੱਤਾ
ਮਰਜ਼ੀ ਹੈ ਤੇਰੀ ਹੁਣ ਰੱਖ ਭਾਵੇਂ ਮਾਰ ਦੇ
ਲੈਕੇ ਦਇਆ ਰਾਮ ਤਾਂਈ , ਗਏ ਗੁਰੂ ਤੰਬੂ ਵਿੱਚ
ਜ਼ੋਰਦਾਰ ਹੋਇਆ ਤਲਵਾਰ ਦਾ ਖੜਾਕ ਸੀ
ਲਗਿਆ ਜਿਉਂ ਧੜ ਤੋਂ ਸਿਰ ਵੱਖ ਕਰ ਦਿੱਤਾ
ਬਿੱਟ ਬਿੱਟ ਰਹੇ ਸਭ ਤੰਬੂ ਵਲ ਝਾਕ ਸੀ
ਰੱਤ ਨਾਲ ਰੱਤ ਹੋਈ ਲੈਕੇ ਚੰਡੀ ਹੱਥ ਵਿੱਚ
ਆ ਗਏ ਸੀ ਫੇਰ ਗੁਰੂ ਤੰਬੂ ਵਿਚੋਂ ਬਾਹਰ ਸੀ
ਇਕ ਸਿਰ ਹੋਰ ਲੈਣਾ , ਗੁਰੂ ਜੀ ਨੇ ਮੰਗ ਕੀਤੀ
ਉਠਿਆ ਧਰਮ ਰਾਮ , ਹੁਣ ਇਸ ਵਾਰ ਸੀ
ਦਇਆ ਰਾਮ ਵਾਲੀ ਗੱਲ ਕਰਕੇ ਧਰਮ ਨਾਲ
ਮੁੜ ਗੁਰੂ ਆਣ ਕੇ ਉਸੇ ਥੜੇ ਉੱਤੇ ਚੜੇ ਸੀ
ਤੀਜਾ ਸਿਰ ਮੰਗਿਆ ਸੀ ਜਦੋਂ ਸੱਚੇ ਪਾਤਸ਼ਾਹ ਨੇ
ਹਿੰਮਤ ਰਾਏ ਜੀ ਉਦੋਂ ਅੱਗੇ ਆਣ ਖੜੇ ਸੀ
ਚੌਥੀ ਵਾਰ ਮੰਗ ਉੱਤੇ ਮੋਹਕਮ ਚੰਦ ਜੀ ਨੇ
ਆਖਿਆ ਕੇ ” ਸਿਰ ਮੇਰਾ ਕਰੋ ਪਰਵਾਨ ਜੀ ”
ਦਇਆ ,ਧਰਮ ,ਹਿੰਮਤ , ਮੋਹਕਮ ਦੇ ਪਿੱਛੇ ਪਿੱਛੇ
ਆ ਗਏ ” ਸਾਹਿਬ ” ਆਪ ਹੋਕੇ ਮਿਹਰਬਾਨ ਜੀ
ਪੰਜਾਂ ਨੂੰ ਖਿਤਾਬ ਦੇਕੇ ਗੁਰੂ ਜੀ ਪਿਆਰਿਆਂ ਦਾ
ਮੇਟ ਜਾਤ – ਪਾਤ ਨਾਮ ਪਿੱਛੇ ” ਸਿੰਘ ” ਲਾ ਦਿੱਤਾ
ਜ਼ਬਰ ਜ਼ੁਲਮ ਅੱਗੇ , ਝੁੱਕਿਆ ਨਾ ਝੁੱਕਣਾ ਹੈ
“ਮੰਗਲ਼ੀ ਦੇ ਸੋਨੂੰ ” ਐਸਾ ਖ਼ਾਲਸਾ ਸਜ਼ਾ ਦਿੱਤਾ ।
ਸੋਨੂੰ ਮੰਗਲ਼ੀ