ਪਿਓ ਨੂੰ ਹੁਕਮ ਨੀ ਕਰੀਦਾ
ਪਿਓ ਨੂੰ ਹੁਕਮ ਨੀ ਕਰੀਦਾ ਬੱਸ ਮੰਨੀ ਦੀ ਹੁੰਦੀ ਆ
ਆਕੜ ਕਰੀ ਦੀ ਨੀ ਸ਼ੇਰਾ ,ਬੱਸ ਭੰਨੀ ਦੀ ਹੁੰਦੀ ਆ
ਕਦੇ ਫਲਾਂ ਲੱਦੇ ਦਰਖਤ ਨੂੰ ਜੀ ਪੱਟੀ ਦਾ ਨਹੀਂ ਹੁੰਦਾ
ਮੁੱਲ ਕਿਸੇ ਦੀਆਂ ਖੁਸ਼ੀਆਂ ਦਾ , ਵੱਟੀ ਦਾ ਨਹੀਂ ਹੁੰਦਾ
ਹੋਣ ਹੱਥ ਪੈਰ ਜੇ ਸਲਾਮਤ ਭੀਖ ਮੰਗੀ ਦੀ ਨੀ ਹੁੰਦੀ
ਦੂਏ ਪਿੰਡ ਤੰਗ ਵੀਹੀ , ਕਦੇ ਵੀ ਲੰਘੀ ਦੀ ਨੀ ਹੁੰਦੀ
ਪੀਂਘ ਜਾਮਣ ਦੇ ਟਾਹਣੇ ਤੇ ਜੀ ਪਾਈ ਦੀ ਨਹੀਂ ਹੁੰਦੀ
ਧੀ ਭੈਣ ਕਦੇ ਵੀ ਯਾਰ ਦੀ ਤਕਾਈ ਦੀ ਨਹੀਂ ਹੁੰਦੀ
ਮਿਹਣਾ ਮਾਪਿਆਂ ਨੂੰ ਭੁੱਲ ਕੇ ਵੀ ਮਾਰੀ ਦਾ ਨੀ ਹੁੰਦਾ
ਗੰਦ ਵਗਦਿਆਂ ਪਾਣੀਆਂ ਦੇ ਵਿੱਚ ਤਾਰੀਦਾ ਨੀ ਹੁੰਦਾ
ਤਲੇ ਲੀਡਰੀ ਲਈ ਕਿਸੇ ਦੇ ਵੀ ਚੱਟੀ ਦੇ ਨਹੀਂ ਹੁੰਦੇ
ਜੱਸ ਖੱਟੀ ਦਾ ਹੁੰਦਾ ਏ ,ਤਾਹਨੇ ਖੱਟੀ ਦੇ ਨਹੀਂ ਹੁੰਦੇ
ਜਿੱਥੇ ਬਜੁਰਗ ਹੋਣ ਬੈਠੇ ਉੱਚਾ ਬੋਲੀ ਦਾ ਨਹੀਂ ਹੁੰਦਾ
ਪਿਓ-ਦਾਦੇ ਦੀ ਬਣਾਈ ਨੂੰ ਐਵੇਂ ਰੋਲੀ ਦਾ ਨਹੀਂ ਹੁੰਦਾ
ਧੋਖਾ ਅੰਮਾਂ ਜਾਇਆਂ ਨਾਲ ਕਦੇ ਕਰੀ ਦਾ ਨਹੀਂ ਹੁੰਦਾ
ਜਦੋਂ ਹੋਣੀ ਸਿਰ ਉੱਤੇ ਪੈਜੇ ਫਿਰ ਡਰੀ ਦਾ ਨਹੀਂ ਹੁੰਦਾ
‘ਨਿਮਰ’ ਵਾਅਦਾ ਹੋਵੇ ਕੀਤਾ ਕਦੇ ਤੋੜੀਦਾ ਨੀ ਹੁੰਦਾ
ਕਹਿਣਾ ਵੱਡਿਆਂ ਬਜੁਰਗਾਂ ਦਾ ਜੀ ਮੋੜੀਦਾ ਨੀ ਹੁੰਦਾ |
~ ਸੱਥਾਂ ਦੇ ਸਰਦਾਰ