ਮੁੰਦਰੀਆਂ ਵਿੱਚ ਨਗ਼ ਨਹੀਂ ਪਾਉਂਦੇ
ਅਸੀਂ ਆਪਣੇ ਵਾਸਤੇ ਨਹੀਂ ਜਿਉਂਦੇ
ਸਾਡੇ ਟਾਕੀਆਂ ਲੱਗੇ ਲੀੜੇ ਨੇ
ਅਸੀਂ ਕਿਸੇ ਦੇ ਚਿੱਤ ਨੂੰ ਨਹੀਂ ਭਾਉਂਦੇ
ਸਾਡੇ ਪੈਰਾਂ ਦੇ ਥੱਲੇ ਰੋੜ ਕੁੜੇ
ਥਾਰਾਂ ਤੇ ਗੇੜੀਆਂ ਨਹੀਂ ਲਾਉਂਦੇ
ਸਾਡਾ ਲਿਮਟਾਂ ਤੇ ਘਰ ਬਾਰ ਚੱਲੇ
ਅਸੀਂ ਖੁੱਲ੍ਹਾ ਪੈਸਾ ਨਹੀਂ ‘ਡਾਉਂਦੇ
ਸਾਡੇ ਸੁਪਨਿਆਂ ਵਿੱਚ ਵੀ ਫਿਕਰਾਂ ਨੇ
ਅਸੀਂ ਚੈਨ ਦੀਆਂ ਨੀਂਦਾਂ ਨਹੀਂ ਸੌਂਦੇ
ਸਾਡੇ ਚਾਵਾਂ ਨੂੰ ਜੰਗਾਲ਼ ਪਿਆ
ਪਰ ਕਦੇ ਹੌਂਸਲਾ ਨਹੀਂ ਢਾਹੁੰਦੇ
ਖੇਤਾਂ ਵਿੱਚ ਹੀਰਾਂ ਗਾਉਣ ਵਾਲੇ
ਅਸੀਂ ਲੱਚਰ-ਲੁੱਚਰ ਨਹੀਂ ਗਾਉਂਦੇ
ਵੱਟ ਦਾ ਸਰਾਣ੍ਹਾ ਲਾ ਕੇ ਸੌਣ ਵਾਲੇ
ਅਸੀਂ ਮਖਮਲੀ ਸੇਜਾਂ ਨਹੀਂ ਚਾਹੁੰਦੇ
ਅਸੀਂ ਮਿਹਨਤਾਂ ਦੇ ਹਾਣੀ ਹਾਂ
ਅਸੀਂ ਤੰਦ ਸ਼ੌਕ ਦੇ ਨਹੀਂ ਪਾਉਂਦੇ
ਕਹਿਣੀ ਕਰਨੀ ‘ਚ ਫਰਕ ਨਹੀਂ
ਅਸੀਂ ਕਿਲ੍ਹੇ ਖਿਆਲੀ ਨਹੀਂ ਢਾਉਂਦੇ
‘ਨਿਮਰ’ ਗੁਰੂ ਦੇ ਪੈਰੋਕਾਰ ਹਾਂ
ਹਰ ਥਾਂ ਤੇ ਸੀਸ ਨਹੀਂ ਝੁਕਾਉਂਦੇ ।