ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ