ਸੰਤ ਮਸਕੀਨ ਜੀ ਵਿਚਾਰ – ਖ਼ਲੀਲ ਜਿਬਰਾਨ ਲਿਬਨਾਨ ਦਾ ਇਕ ਮਹਾਨ ਦਾਰਸ਼ਨਿਕ ਸੰਤ ਹੈ …
ਖ਼ਲੀਲ ਜਿਬਰਾਨ ਲਿਬਨਾਨ ਦਾ ਇਕ ਮਹਾਨ ਦਾਰਸ਼ਨਿਕ ਸੰਤ ਹੈ।ਕਿਧਰੇ ਇਕ ਦਿਨ ਮੌਜ ਦੇ ਵਿਚ ਆਇਆ ਤੇ ਜੰਗਲ ਦੀ ਤਰਫ਼ ਚੱਲ ਪਿਆ। ਸ਼ਹਿਰ ਦੇ ਨੇੜੇ ਇਕ ਜੰਗਲ ਸੀ, ਬੜਾ ਭਿਅੰਕਰ, ਬੜੇ ਸੰਘਣੇ ਦਰਖ਼ਤ। ਸਾਰਾ ਦਿਨ ਜੰਗਲ ਦੀ ਖ਼ੂਬਸੂਰਤੀ ਦੇਖਦਾ ਰਿਹਾ। ਕੋਈ ਪਗਡੰਡੀਆਂ ਤਾਂ ਹੈ ਨਹੀਂ ਸਨ ਤੇ ਇਸ ਤਰ੍ਹਾਂ ਮਸਤੀ ਦੇ ਵਿਚ ਘੁੰਮਣ ਵਾਲੇ ਬੰਦੇ ਤਾਂ ਕਦੀ ਕਦਾਈਂ ਆਉਂਦੇ ਹਨ। ਵਿਚਾਰਾ ਭਟਕ ਗਿਆ।
ਇਕ ਤਾਂ ਦਿਨ ਭਰ ਘੁੰਮਦਾ ਰਿਹਾ ਸੀ ਤੇ ਉਪਰੋਂ ਸ਼ਾਮਾਂ ਪੈ ਗਈਆਂ ਤੇ ਜਦ ਰਸਤਾ ਨਾ ਲੱਭਿਆ ਤਾਂ ਧਿਆਨ ਸਰੀਰ ਦੇ ਤਲ ‘ਤੇ ਆਇਆ ਤਾਂ ਦੋ ਖ਼ਿਆਲ ਪੈਦਾ ਹੋਏ ਕਿ ਇਕ ਤਾਂ ਭੁੱਖ ਵੀ ਲੱਗੀ ਹੈ।ਸਾਰਾ ਦਿਨ ਕੁਝ ਖਾਧਾ ਨਹੀਂ ਸੀ। ਤਨ ਅੰਨ ਮੰਗਦਾ ਹੈ, ਰੋਟੀ ਮੰਗਦਾ ਹੈ ਤੇ ਦੂਸਰਾ ਰਾਤ ਪੈ ਰਹੀ ਹੈ, ਤੇ ਹੁਣ ਜੇ ਮੈਨੂੰ ਦਿਨ ਨੂੰ ਰਸਤਾ ਨਹੀਂ ਪਿਆ ਲੱਭਦਾ, ਅਜੇ ਥੋੜ੍ਹਾ ਜਿਹਾ ਚਾਨਣਾ ਹੈ ਤੇ ਰਾਤ ਪੂਰੀ ਨਹੀਂ ਹੋਈ, ਜਦੋਂ ਪੂਰੀ ਰਾਤ ਹੋ ਗਈ ਤਾਂ ਫਿਰ ਮੈਨੂੰ ਕੁਝ ਨਹੀਂ ਦਿਖਾਈ ਦੇਵੇਗਾ। ਰਾਤ ਜੰਗਲ ਵਿਚ ਕੱਟਣੀ ਪਏਗੀ। ਵਾਕਿਆ ਹੀ ਰਾਤ ਜੰਗਲ ਵਿਚ ਕੱਟਣੀ ਪਈ, ਨਹੀਂ ਲੱਭਿਆ ਰਸਤਾ। ਕਦੀ ਇਧਰ ਜਾਏ, ਕਦੀ ਓੁਧਰ ਜਾਏ, ਦਰਖ਼ਤ ਹੀ ਦਰਖ਼ਤ। ਜੰਗਲ ਖ਼ਤਮ ਹੀ ਨਾ ਹੋਵੇ। ਰਾਤ ਹੋ ਗਈ ਅਤੇ ਰਾਤ ਸੀ ਪੂਰਨਮਾਸ਼ੀ ਦੀ, ਦਰਖ਼ਤ ‘ਤੇ ਚੜ੍ਹ ਗਿਆ, ਕਿਧਰੇ ਕੋਈ ਖੂੰਖ਼ਾਰ ਜੰਗਲੀ ਜਾਨਵਰ ਹਮਲਾ ਨਾ ਕਰ ਦੇਵੇ। ਦਰਖ਼ਤ ਦੀ ਟਾਹਣੀ ਤੇ ਬੈਠ ਕੇ ਸੋਚਦਾ ਹੈ ਕਿ ਚਲੋ ਰਾਤ ਇਥੇ ਕੱਟਦੇ ਹਾਂ, ਸਵੇਰੇ ਰਸਤਾ ਲੱਭਾਂਗੇ, ਪਰ ਭੁੱਖਾ ਦਿਨ ਭਰ ਦਾ। ਜਿਉਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਇਆ, ਇਸ ਨੇ ਹੱਥ ਪਸਾਰੇ।
ਪਤਾ ਹੈ ਕਿਉਂ ?
ਉਹ ਲਿਖਦਾ ਹੈ,
“ਉਸ ਦਿਨ ਮੈਨੂੰ ਇੰਝ ਲੱਗਿਆ ਜਿਵੇਂ ਆਸਮਾਨ ਤੋਂ ਨਾਨ ਆ ਰਹੇ ਹਨ, ਰੋਟੀ ਆ ਰਹੀ ਹੈ।”
ਚੰਦਰਮਾ ਰੋਟੀ ਲੱਗਿਆ ਹੈ। ਦਿਨ ਭਰ ਦਾ ਭੁੱਖਾ। ਭੁੱਖ ਦੇ ਵਿਚ ਬਾਰ ਬਾਰ ਭੋਜਨ ਯਾਦ ਆਵੇਗਾ। ਵਰਤ ਜਿਸ ਦਿਨ ਰੱਖਿਆ ਹੋਵੇ, ਰੋਜ਼ਾ ਜਿਸ ਦਿਨ ਰੱਖਿਆ ਹੋਵੇ, ਕੋਈ ਅੱਲਾਹ ਚੇਤੇ ਨਹੀਂ ਆਉਂਦਾ। ਇਸ ਚੱਕਰ ਵਿਚ ਨਾ ਪੈਣਾ। ਪ੍ਰਮਾਤਮਾ ਚੇਤੇ ਨਹੀਂ, ਰੋਟੀ ਚੇਤੇ ਆਉਂਦੀ ਹੈ।
ਸ਼ਾਇਦ ਇਸ ਵਾਸਤੇ ਕਿਉਂਕਿ ਪੁਰਾਣਾ ਜ਼ਮਾਨਾ ਸੀ। ਰਸਤੇ ਦੇ ਵਿਚ ਢਾਬੇ ਵੀ ਨਹੀਂ ਹੁੰਦੇ ਸਨ, ਹੋਟਲ ਵੀ ਨਹੀਂ ਹੁੰਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਿਆ ਦੱਸ-ਦੱਸ, ਵੀਹ-ਵੀਹ ਮੀਲ ਤੋਂ ਲੋਕੀ ਆਉਂਦੇ ਸਨ, ਦਰਸ਼ਨ ਕਰਨ ਲਈ। ਸਤਿਸੰਗ ਦੇ ਵਿਚ ਆਉਂਦੇ ਸਨ, ਕੋਈ ਕਿਸੇ ਸ਼ਹਿਰ ਤੋਂ ਆ ਰਿਹਾ ਹੈ, ਕੋਈ ਕਿਸੇ ਇਲਾਕੇ ਤੋਂ ਆ ਰਿਹਾ ਹੈ, ਕਾਬੁਲ ਤੱਕ ਤੋਂ ਲੋਕੀਂ ਆਉਂਦੇ ਸਨ। ਤਾਂ ਐਲਾਨੀਆਂ ਕਹਿ ਦਿੱਤਾ,
“ਪਹਿਲੇ ਪੰਗਤ ਪਾਛੇ ਸੰਗਤ॥”
ਪਹਿਲੇ ਅੰਨ ਪਾਣੀ ਛੱਕ ਲਉ, ਭੁੱਖੇ ਹੋਏ ਤਾਂ ਸੰਗਤ ਵਿਚ ਬੈਠ ਰੋਟੀ ਯਾਦ ਕਰੋਗੇ, ਰੱਬ ਨੂੰ ਨਹੀਂ ਯਾਦ ਕਰੋਗੇ, ਭੋਜਨ ਹੀ ਯਾਦ ਆਵੇਗਾ।
“ਅੰਨੈ ਬਿਨਾ ਨ ਹੋਇ ਸੁਕਾਲੁ॥
ਤਜਿਐ ਅੰਨਿ ਨ ਮਿਲੈ ਗੁਪਾਲੁ॥”
{ਕਬੀਰ,ਅੰਗ ੮੭੩}
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*