ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ,
ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ,
ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ ।
ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ,
ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ ।
ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ,
ਲੀਕ ਸਿਦਕ ਦੀ ਆਪ ‘ਜਹੀ ਮਾਰ ਦਿੱਤੀ ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ,
ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ ।
ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ,
ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ ।
ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ,
ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ ।
ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ,
ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ ।
ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ,
ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ ।
‘ਸ਼ਰਫ਼’ ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ,
ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹


Related Posts

Leave a Reply

Your email address will not be published. Required fields are marked *