ਭਾਰਤ ਵਿਚ ਪਹਿਲੀ ਵਾਰ ਤੋਪਖਾਨਾ ਬਾਬਰ ਰਾਹੀਂ ਆਇਆ ਸੀ । ਪਾਨੀਪਤ ਦੇ ਮੈਦਾਨ ਚ ਇਬਰਾਹੀਮ ਲੋਧੀ ਦੀ ਇੱਕ ਲੱਖ ਤੋਂ ਉੱਪਰ ਫੌਜ ਦਾ ਬਾਬਰ ਦੀ ਪੱਚੀ ਹਜਾਰ ਫੌਜ ਨਾਲ ਸਾਹਮਣਾ ਹੋਇਆ । ਦੋਨੋ ਪਾਸਿਆਂ ਦੀਆਂ ਫੌਜਾਂ ਹੀ ਸਿਖਲਾਈ ਪ੍ਰਾਪਤ ਸਨ । ਪਰ ਬਾਬਰ ਦੀ ਪੱਚੀ ਹਜਾਰ ਫੌਜ ਨੇ ਲੋਧੀ ਦੀ ਇੱਕ ਲੱਖ ਫੌਜ ਨੂੰ ਅੱਗੇ ਧਰ ਲਿਆ । ਇਬਰਾਹੀਮ ਲੋਧੀ , ਬਾਬਰ ਨਾਲੋਂ ਕਿਤੇ ਜਿਆਦਾ ਫੌਜ ਹੋਣ ਤੇ ਵੀ ਜੰਗ ਇਸ ਲਈ ਹਾਰ ਗਿਆ , ਕਿਉਂਕਿ ਉਸ ਪਾਸ ਤੋਪਾਂ ਨਹੀ ਸਨ । ਬਾਬਰ ਦੀਆਂ ਤੋਪਾਂ ਨੇ ਲੋਧੀ ਫੌਜ ਦੀ ਕੋਈ ਵਾਹ ਪੇਸ਼ ਨਹੀ ਜਾਣ ਸੀ ਜਾਣ ਦਿੱਤੀ । ਤੋਪਾਂ ਅੱਗੇ ਤਲਵਾਰਾਂ ਦਾ ਕੀ ਜੋਰ ।
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜੁਲਮ ਦਾ ਨਾਸ ਕਰਨ ਲਈ ਥਾਪੜਾ ਦੇ ਕੇ ਪੰਜਾਬ ਨੂੰ ਤੋਰਿਆ । ਰਸਤੇ ਚ ਆਉਂਦਿਆਂ ਬਾਬਾ ਜੀ ਨੇ ਸਿੱਖ ਸੰਗਤ ਦੇ ਨਾਮ ਹੁਕਮਨਾਮੇ ਲਿਖ ਕੇ ਭੇਜੇ । ਜਿੱਥੇ ਜਿੱਥੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਜੀ ਦੇ ਪੰਜਾਬ ਆਉਣ ਦੀ ਖਬਰ ਮਿਲਦੀ ਗਈ , ਉਹ ਸਭ ਕੰਮ ਧੰਦੇ ਛੱਡ ਕੇ, ਜੋ ਵੀ ਹੱਥ ਚ ਹਥਿਆਰ ਆਇਆ, ਲੈ ਕੇ ਬਾਬਾ ਜੀ ਦੀ ਫੌਜ ਚ ਸ਼ਾਮਿਲ ਹੋਣ ਲਈ ਚੱਲ ਪਏ । ਹੁਣ ਅੱਗੇ ਮੁਕਾਬਲਾ ਵਜੀਰ ਖਾਨ ਨਾਲ ਹੋਣਾ ਹੈ । ਬਾਬਾ ਬੰਦਾ ਸਿੰਘ ਜੀ ਪਾਸ ਨਾ ਤਾਂ ਤੋਪਾਂ ਹਨ ਤੇ ਨਾ ਹੀ ਉਸਦੀ ਫੌਜ ਨੇ ਕਿਸੇ ਕਿਸਮ ਦੀ ਕੋਈ ਸਿਖਲਾਈ ਲਈ ਹੈ । ਹਥਿਆਰ ਵੀ, ਡਾਂਗਾਂ , ਬਰਛੇ, ਕੁਹਾੜੀਆਂ ਤੇ ਤਲਵਾਰਾਂ ਨੇ । ਘੋੜਸਵਾਰਾਂ ਦੀ ਗਿਣਤੀ ਵੀ ਮਸਾਂ ਦਰਜਨ ਦੇ ਕਰੀਬ ਹੈ । ਦੂਜੇ ਪਾਸੇ ਵਜੀਰ ਖਾਨ ਕੋਲ ਤੋਪਖਾਨਾ ਹੈ , ਬਾਬਾ ਬੰਦਾ ਸਿੰਘ ਜੀ ਦੀ ਫੌਜ ਨਾਲੋਂ ਦੁੱਗਣੀ ਸਿਖਲਾਈ ਪ੍ਰਾਪਤ ਫੌਜ ਹੈ । ਪਰ ਜੰਗ ਦਾ ਨਤੀਜਾ ਉਲਟ ਨਿਕਲਿਆ । ਡਾਂਗਾ, ਬਰਛਿਆਂ ਵਾਲਿਆਂ ਨੇ ਤੋਪਾਂ ਆਲੇ ਮੂਹਰੇ ਧਰ ਲਏ । ਵਜੀਰ ਖਾਨ ਦੀ ਸਿਖਲਾਈ ਪ੍ਰਾਪਤ ਸੈਨਾ , ਖਾਲਸਾ ਫੌਜ ਮੂਹਰੇ ਇਸ ਤਰਾਂ ਉੱਡੀ ਜਿਵੇਂ ਹਨੇਰੀ ਵਿਚ ਸੁੱਕੇ ਪੱਤੇ । ਹੋਰ ਕਰਾਮਾਤ ਕਿਸਨੂੰ ਕਹਿੰਦੇ ਨੇ !
ਕੈਵੀ ਸਿੰਘ ਕਲੇਰ