ਬੰਦਾ ਚਾਰ ਪੌੜੀਆਂ ਚੜ ਕਹਿੰਦੈ ਮੇਰੇ ਹਾਣਦਾ ਕੌਣ ਐ
ਘਰੋਂ ਬਾਹਰ ਤਾਂ ਨਿਕਲ , ਓਏ ਤੈਨੂੰ ਜਾਣਦਾ ਕੌਣ ਐ

ਲੱਖ ਦੇ ਲਈਏ ਧਰਨੇ ਕਿਸੇ ਦੇ ਕੰਨੀ ਜੂੰ ਨਹੀਂ ਸਰਕਦੀ
ਇੱਕ ਵਾਰ ਲੈ ਲੀੲਾਂ ਵੋਟਾਂ ਮੁੜਕੇ ਸਿਆਣਦਾ ਕੌਣ ਐ

ਵੱਟ ਦਾ ਲਾ ਕੇ ਸਰ੍ਹਾਣਾ , ਚਾਦਰ ਫ਼ਿਕਰਾਂ ਦੀ ਤਾਣ ਲੈਂਦਾ
ਓਏ ਅੱਜ ਦੇ ਜਮਾਨੇ ਵਿੱਚ ਦਰਦੀ ਕਿਰਸਾਨ ਦਾ ਕੌਣ ਐ

ਕੋਈ ਲਾਲਚ-ਕੋਈ ਮਜਬੂਰੀ ਵੱਸ ਬੱਸ ਕੱਢੀ ਜਾ ਰਿਹੈ
ਸੱਜਣਾ ਏਥੇ ਚਾਂਈ-ਚਾਂਈ ਜਿੰਦਗੀ ਨੂੰ ਮਾਣਦਾ ਕੌਣ ਐ

ਉਹ ਅਣਘੜਤ ਪੱਥਰਾਂ ‘ਚੋ ਪੂਜਣ ਲਈ ਰੱਬ ਲੱਭ ਲੈਂਦੇ
ਜੌਹਰੀ ਤੋਂ ਬਿਨਾ ਏਥੇ ਕੋਲ੍ਹੇ ‘ਚੋਂ ਹੀਰਾ ਪਛਾਣਦਾ ਕੌਣ ਐ

ਊਧਮ ਸਿੰਘ ਜਿਹਾ ਸੰਕਲਪ ਦੋ ਦਹਾਕਿਆਂ ਚ ਜਾ ਕੇ ਬਣਦੈ
ਅੱਜ ਹੋਇਆ ਕੱਲ ਭੁੱਲ ਗਿਆ ਹੁਣ ਐਨੀ ਠਾਣਦਾ ਕੌਣ ਐ

ਇਹਨਾਂ ਕੌਡੀ ਮੁੱਲ ਪਾਇਆ ਏ ਸ਼ਹੀਦਾਂ ਦੀ ਸ਼ਹਾਦਤ ਦਾ
ਕੀ ਪੈਂਦੈ ਫਰਕ ਮਗਰੋਂ ਮਰਿਆਂ ਦੀ ਮਿੱਟੀ ਛਾਣਦਾ ਕੌਣ ਐ

ਖੁੱਡਾਂ ਵਿੱਚ ਲੁਕ ਜਾਂਦੇ ਨੇ ਹੁਣ ਲਲਕਾਰ ਕੇ ਦੁਸ਼ਮਣ ਨੂੰ
ਵਾਂਗਰ ਹਰੀ ਸਿੰਘ ਨਲੂਏ ਦੇ ਹੁਣ ਸੀਨਾ ਤਾਣਦਾ ਕੌਣ ਐ

ਸੱਜਣਾ ਖੁਦ ਤੇ ਰੱਖ ਯਕੀਨ , ਕਿਸੇ ਦੇ ਆਸਰੇ ਨਾਲੋਂ
‘ਨਿਮਰ ਸਿਹਾਂ’ ਪੱਕਾ ਏਥੇ ਆਪਣੀ ਜ਼ੁਬਾਨ ਦਾ ਕੌਣ ਐ |


Related Posts

Leave a Reply

Your email address will not be published. Required fields are marked *