ਦੇਖੋ ਲੋਕੋਂ ਗੰਗੂ ਨੇ ਡਾਹਡਾ ਕਹਿਰ ਕਮਾ ਲਿਆ
ਚੰਦ ਸਿੱਕਿਆਂ ਬਦਲੇ ਗੂਰੁ ਦੇ ਲਾਲਾਂ ਨੂੰ ਵਟਾ ਲਿਆ
ਮੋਰਿੰਡੇ ਜਾਣ ਕੇ ਉਹਨੇ ਬੱਚਿਆਂ ਦੀ ਕੀਤੀ ਜਦ ਮੁਖਬਰੀ
ਨਵਾਬ ਦਾ ਲਾਮ ਲਸ਼ਕਰ ਤਦੇ ਹਰਕਤ’ਚ ਆ ਗਿਆ
ਸਿਪਾਹੀਆਂ ਨੇ ਵੀ ਆਣ ਘਰ ਗੰਗੂ ਦੇ ਘੇਰਾ ਪਾ ਲਿਆ
ਦਾਦੀ ਸਣੇ ਪੋਤਿਆਂ ਨੂੰ ਫੜ੍ਹ ਗੱਡੇ ਵਿੱਚ ਬਿਠਾ ਲਿਆ
ਮੋਰਿੰਡੇ ਦੇ ਚੌਧਰੀਆਂ ਨੇ ਵੀ ਕਰਮ ਆਪਣਾ ਕਮਾਇਆ
ਤਿੰਨਾਂ ਜਣਿਆਂ ਨੂੰ ਵਜ਼ੀਰ ਖਾਨ ਕੋਲ ਸਰਹਿੰਦ ਪੁਜਾਇਆ
ਅੱਗੇ ਜੋ ਨਵਾਬ ਨੇ ਸੀ ਬੱਚਿਆਂ ਨਾਲ ਕੀਤੀ
ਉਹਨੂੰ ਤੱਕ ਧਰਤ ਤੇ ਅੰਬਰ ਵੀ ਘਬਰਾਇਆ
ਪੋਹ ਦੇ ਦਿਨਾਂ’ਚ ਠੰਡੇ ਬੁਰਜ਼ ਵਿੱਚ ਕੈਦ ਕਰਿਆ
ਰੱਬ ਦੇ ਭਾਣੇ ਮੰਨ ਉਨ੍ਹਾਂ ਘੁੱਟ ਸਬਰ ਦਾ ਭਰਿਆ
ਧੰਨ ਮੋਤੀ ਰਾਮ ਜਿਹਨੇ ਕਰਮ ਕਮਾਇਆ
ਦਾਦੀ ਤੇ ਪੋਤਿਆਂ ਤਾਈਂ ਦੁੱਧ ਪਿਆਇਆ
ਸੁਵਖਤੇ ਫਿਰ ਸਿਪਾਹੀ ਦੌੜ ਕੇ ਆਏ
ਕਹਿੰਦੇ ਸ਼ਾਹਿਬਜ਼ਾਦਿਆਂ ਨੂੰ ਨਵਾਬ ਕਚਿਹਰੀ’ਚ ਬੁਲਾਏ
ਦਾਦੀ ਗੁਜ਼ਰੀ ਨੇ ਦੋਵਾਂ ਨੂੰ ਤਿਆਰ ਫੇਰ ਕਰ ਦਿੱਤਾ
ਸਿੱਖੀ ਦਾ ਜ਼ਜ਼ਬਾ ਦੋਵਾਂ ਪੋਤਿਆਂ’ਚ ਭਰ ਦਿੱਤਾ
ਦੋਵਾਂ ਜਾਣ ਕਚਿਹਰੀ’ਚ ਗੱਜ ਕੇ ਫਤਹਿ ਬੁਲਾਈ
ਲੋਕੀਂ ਆਖਣ ਇਨ੍ਹਾਂ ਨੇ ਤੌਹੀਨ ਏਹ ਕਮਾਈ
ਵਜ਼ੀਰ ਸਣੇ ਸਭ ਨੇ ਕੀਤੇ ਨੀਚ ਬੜੇ ਕਰਮ
ਈਮਾਨ ਬਦਲਣ ਲਈ ਬੱਚਿਆਂ ਨੂੰ ਦਿੱਤੇ ਗਏ ਭਰਮ
ਸ਼ਾਹਿਬਜ਼ਾਦਿਆਂ ਨੇ ਕਿਸੇ ਦੀ ਵੀ ਈਨ ਨਾ ਮੰਨੀ
ਨਵਾਬ ਦੀ ਜਾਣ ਲੱਗੀ ਫੇਰ ਹੱਠ ਭੰਨੀ
ਜੋਸ਼ ਵਿੱਚ ਆਣ ਨਵਾਬ ਨੇ ਹੋਸ਼ ਗਵਾ ਲਿਆ
ਕਾਜ਼ੀ ਨੇ ਵੀ ਫੇਰ ਆਪਣਾ ਧਰਮ ਭੁਲਾ ਲਿਆ
ਨੀਹਾਂ ਵਿੱਚ ਜਿੰਦਾ ਚਿਣਨ ਦਾ ਫਤਵਾ ਜਾਰੀ ਹੋਇਆ
ਜੈਕਾਰਿਆਂ ਦੇ ਗੂੰਜ ਵਿੱਚ ਫੈਸਲਾ ਸਵੀਕਾਰ ਹੋਇਆ
ਦਾਦੀ ਮਾਂ ਨੇ ਕਲਗੀਆਂ ਲਾ ਕੇ ਦੋਵੇਂ ਲਾਲਾਂ ਨੂੰ ਸ਼ਿੰਗਾਰਿਆ
ਮਾਣ ਸਿੱਖੀ ਦਾ ਹੋਣਾ ਉੱਚਾ ਸ਼ੁਕਰ ਰੱਬ ਦਾ ਗੁਜ਼ਾਰਿਆ
ਨੀਹਾਂ ਵਿੱਚ ਖੜ੍ਹੇ ਬਾਲ ਦੋਵੇਂ ਹੱਸਦੇ
ਸਿੱਖੀ ਦੀ ਉਸਰ ਰਹੀ ਨੀਂਹ ਨੂੰ ਨੇ ਤੱਕਦੇ
ਰੱਬ ਵੀ ਜਾਣੇ ਵੀ ਵਜ਼ੀਰ ਖਾਨ ਕਹਿਰ ਏ ਕਮਾ ਰਿਹਾ
ਝੰਬੀ ਗਈ ਸੀ ਧਰਤੀ ਅਸਮਾਨ ਵੀ ਕੁਰਲਾ ਗਿਆ
ਫਤਹਿ ਸਿੰਘ ਦੇ ਨਾਲ ਜ਼ੋਰਾਵਰ ਸਿੰਘ ਵੀ ਫਤਹਿ ਹੋ ਰਿਹਾ
ਦਾਦੀ ਨੇ ਤਿਆਗੇ ਪ੍ਰਾਣ ਝੋਰਾ ਪੋਤਿਆਂ ਦਾ ਸੀ ਜੋ ਹੋ ਗਿਆ
ਪ੍ਰਣਾਮ ਸਰਬੰਸਦਾਨੀ ਨੂੰ ਤੇ ਸਾਰਿਆਂ ਸ਼ਹੀਦਾਂ ਨੂੰ
ਜਿਨ੍ਹਾਂ ਸਦਕੇ ਪੂਰੀ ਦੁਨੀਆ’ਚ ਸਿੱਖੀ ਦਾ ਬੂਟਾ ਮਹਿਕਾਇਆ ਏ
“ਸ਼ੈਲੀ” ਨਤਮਸਤਕ ਕਰੇ ਚਹੁ ਵੀਰ ਸ਼ਾਹਿਬਜਾਦਿਆਂ ਨੂੰ
ਸਾਨੂੰ ਸਿੱਖ ਹੋਣ ਦਾ ਮਾਣ ਜਿਨ੍ਹਾਂ ਪ੍ਰਾਪਤ ਕਰਵਾਇਆ ਏ
ਤੇਜਿੰਦਰਪਾਲ ਸਿੰਘ
(ਸ਼ੈਲੀ ਬੁਆਲ)
ਸ਼ਮਸ਼ਪੁਰ