ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫਾਂਸਲਾ
ਮੇਰੀਆਂ ਰੀਝਾਂ, ਮੇਰੀ ਔਕਾਤ ਵਿਚਲਾ ਫਾਂਸਲਾ
ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਂਸਲਾ
ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਂਸਲਾ
ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਂਸਲਾ
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਂਸਲਾ
ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫਾਂ ਸਲਾ
ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫਾਂਸਲਾ ।।