ਅਰਦਾਸ ਕੇਵਲ ਸ਼ਬਦਾਂ ਦਾ ਸ਼ਿੰਗਾਰ ਨਹੀਂ ਹੁੰਦੀ। ਇਹ ਤਾਂ ਰੂਹ ਦਾ ਗੀਤ ਹੈ, ਰੂਹ ਦੀ ਪੁਕਾਰ ਹੈ ਜੀ!!!
ਰਸਨਾ ਦੇ ਬੋਲ ਤਾਂ ਸ਼ਾਇਦ ਮਕਾਨ ਦੀ ਛੱਤ ਤੱਕ ਵੀ ਨਾ ਪਹੁੰਚ ਸਕਣ, ਪਰ ਕਿਸੇ ਦੀ ਰੂਹ ਦੀ ਫਰਿਆਦ ਭਾਵ “ਅਰਦਾਸ” ਅਵੱਸ਼ ਹੀ ਅਕਾਲ ਤੱਕ ਪਹੰਚ ਜਾੰਦੀ ਹੈ ਜੀ!!!
*ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖ ਦਾਤੇ।।*
ਖੁਦਾ ਤੈਨੂੰ ਯਾਦ ਕਰਨ ਨਾਲ ਮੇਰੇ
ਆਸ ਪਾਸ ਦੀਆਂ ਚੀਜ਼ਾਂ ਵੀ ਸਾਹ ਲੈਣ ਲੱਗਦੀਆਂ ਨੇ
ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ।।
ਜਿਨ ਘਰ ਮੌਜਾਂ ਮਾਣਿਆ ਇਕ ਨ ਰਖਣ ਰਾਤ।।
ਧੰਨੁ ਧੰਨੁ ਬਾਬਾ ਫਰੀਦ ਜੀ। ਬੋਲੋ ਵਾਹਿਗਰੂ ਜੀ
ਸੰਤ ਮਸਕੀਨ ਜੀ ਵਿਚਾਰ – ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?
—
ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?
ਗੌਰਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ,ਚੋਰ ਨੂੰ ਕੁੱਟਣ ਵਾਲੇ ਅਕਸਰ ਚੋਰ ਹੀ ਹੋਣਗੇ। ਕਿਉਂ ਕੁੱਟਣਗੇ? ਤੂੰ ਕੰਬਖ਼ਤ ਸਫ਼ਲ ਹੋ ਗਿਐ, ਅਸੀਂ ਸਫ਼ਲ ਨਈਂ ਹੋਏ, ਹੁਣ ਤੈਨੂੰ ਮਾਰਕੇ ਅਸੀਂ ਗੁੱਸਾ ਕੱਢਾਂਗੇ, ਹੋਰ ਕੀ ਏ। ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਈਂ ਮਾਰਿਆ, ਉਹਦਾ ਮਨ ਬਦਲ ਦਿੱਤੈ। ਸੰਤ ਦਾ ਤੇ ਕੰਮ ਐ, ਮਨ ਬਦਲਣਾ।
ਮੈਂ ਪੜ੍ਹ ਰਿਹਾ ਸੀ, ਰਿਸ਼ੀ ਵਿਆਸ ਇਕ ਦਿਨ ਗੰਗਾ ਪਾਰ ਕਰਨ ਲਈ ਬੇੜੀ ‘ਚ ਬੈਠੇ। ਪੁਰਾਣੇ ਰਿਸ਼ੀ ਮੁਨੀ ਲੰਬਾ ਦਾੜਾ, ਸਿਰ ਤੇ ਜੂੜਾ, ਜਟਾਵਾਂ, ਨਾਲ ਬੈਠੇ ਹੋਏ ਸਨ ਪੰਜ ਸੱਤ ਨੌਜਵਾਨ, ਤੇ ਉਨ੍ਹਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ। ਰਿਸ਼ੀ ਚੁੱਪ ਰਿਹਾ।
ਜਦ ਨੌਜਵਾਨਾਂ ਨੇ ਦੇਖਿਆ ਕਿ ਇਹ ਤਾਂ ਬੋਲਦਾ ਈ ਕੋਈ ਨਈ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਗੰਗਾ ਦਾ ਠੰਡਾ ਪਾਣੀ, ਸਰਦੀਆਂ ਦੇ ਦਿਨ।
ਅਲਹਾਮ ਹੋਇਆ,
“ਐ ਰਿਸ਼ੀ! ਤੇਰੀ ਬਹੁਤ ਬੇ-ਅਦਬੀ ਹੋਈ। ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲੵਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਔਰ ਹੁਣ ਹੱਦ ਹੋ ਗਈ, ਠੰਡ, ਤੇ ਠੰਡਾ ਪਾਣੀ ਤੇਰੇ ਤੇ ਪਾਉਣਾ ਸ਼ੁਰੂ ਕਰ ਦਿੱਤੈ ਇਹਨਾਂ ਨੇ। ਜੇ ਤੂੰ ਆਖੇਂ, ਤੇ ਮੈਂ ਇਹ ਕਿਸ਼ਤੀ ਉਲਟਾ ਦਿਆਂ।”
ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦੈ,
“ਹੇ ਪ੍ਰਭੂ! ਅੱਜ ਇਹ ਦੁਸ਼ਮਨਾਂ ਵਾਲੀ ਗੱਲ ਕਿਉੰ ? ਜੇ ਪਲਟਾਉਣਾ ਈ ਐ ਤਾਂ ਇਨ੍ਹਾਂ ਦੀ ਅਕਲ ਪਲਟਾ ਦੇ, ਕਿਸ਼ਤੀ ਪਲਟਾਉਣ ਦਾ ਕੀ ਮਤਲਬ, ਇਨ੍ਹਾਂ ਦੀ ਸੋਚਣੀ ਪਲਟਾ ਦੇ।ਕਿਸ਼ਤੀ ਗ਼ਰਕ ਹੋ ਜਾਏ, ਪਲਟ ਜਾਏ, ਇਹ ਡੁੱਬ ਜਾਣ, ਇਹ ਮੈਂ ਨਈਂ ਚਾਹੁੰਦਾ। ਇਨ੍ਹਾਂ ਦੀ ਅਕਲ ਪਲਟ ਜਾਏ, ਇਹ ਸੰਤ ਬਣ ਜਾਣ, ਮੈਂ ਇਹ ਚਾਹੁੰਨਾ।”
ਕਦੀ ਸੰਤ ਨੇ ਦੁਸ਼ਟਾਂ ਨੂੰ ਨਈਂ ਮਾਰਿਆ, ਕਦੀ ਸੰਤ ਨੇ ਚੋਰਾਂ ਨੂੰ ਨਈਂ ਮਾਰਿਆ। ਚੋਰਾਂ ਨੇ ਈ ਚੋਰਾਂ ਨੂੰ ਮਾਰਿਐ, ਦੁਸ਼ਟ ਈ ਦੁਸ਼ਟਾਂ ਨੂੰ ਮਾਰਦੇ ਨੇ। ਫਰਕ ਸਿਰਫ਼ ਇਤਨੇੈ,ਇਕ ਚੋਰੀ ‘ਚ ਸਫ਼ਲ ਹੋ ਗਿਐ, ਇਕ ਅਸਫ਼ਲ।
ਗਿਆਨੀ ਸੰਤ ਸਿੰਘ ਜੀ ਮਸਕੀਨ
ਇਹ ਦਿਨ ਸ਼ਹੀਦੀਆਂ ਵਾਲੇ, ਪਿਆ ਪਰਿਵਾਰ ਵਿਛੋੜਾ
ਚਮਕੌਰ ਗੜ੍ਹੀ ਵਿੱਚ ਲੜੇ ਜੁਝਾਰੂ ਤੇ ਲਾਲਾਂ ਦਾ ਜੋੜਾ
ਛੋਟੇ ਲਾਲਾਂ ਨੂੰ ਮਾਂ ਗੁਜਰੀ ਦੀ ਉਹ ਆਖਰੀ ਦੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਤੱਤੀ ਤਵੀ ਨੂੰ ਭੁੱਲ ਗਏ, ਭੁੱਲ ਗਏ ਚੱਲਦੇ ਆਰੇ ਨੂੰ
ਸੀਸ ਧੜ ਤੋਂ ਵੱਖ ਕੀਤਾ ਗੁਰੂ ਤੇਗ ਬਹਾਦਰ ਪਿਆਰੇ ਨੂੰ
ਭਾਈ ਮਤੀ ਦਾਸ ਤੇ ਸਤੀ ਦਾਸ ਨੂੰ, ਕੋਈ ਸਕਿਆ ਨਹੀਂ ਖਰੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਹੋਰ ਕਿਸੇ ਕੋਲ ਤੇਜ਼ ਨਹੀਂ ਐਨਾ ਕਿ ਬਖਸ਼ ਜਾਏ ਸਰਦਾਰੀ ਨੂੰ
ਆਪਣੇ ਸਿੱਖਾਂ ਪਿੱਛੇ ਵਾਰ ਜਾਏ ਹਰ ਚੀਜ਼ ਹੀ ਆਪਣੀ ਪਿਆਰੀ ਨੂੰ
ਗੁਰੂ ਨਾਨਕ ਦੇ ਘਰ ਸਾਰੀਆਂ ਦਾਤਾਂ ਨਾ ਲਾਈਏ, ਹੋਰਾਂ ਉੱਤੇ ਉਮੀਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਖੂਨ ਦਾ ਪਾਣੀ ਪਾ ਕੇ ਫੁੱਲ ਮਹਿਕਣ ਲਾ ਗਏ ਮਾਲੀ
ਉਨ੍ਹਾਂ ਦੀ ਕੁਰਬਾਨੀ ਨੇ ਸਾਡੇ ਮੁੱਖ ਤੇ ਚਾੜੀ ਲਾਲੀ
ਅੱਜ ਮਾਣਦੇ ਹੋਏ ਸਰਦਾਰੀ ਨੂੰ, ਕਿਉਂ ਸੌਂ ਗਏ ਗੂੜੀ ਨੀਂਦ
ਗਿਣੇ ਨਹੀਂਓ ਜਾਣੇ ਸਿੰਘਾਂ, ਤੇਰੀ ਕੌਮ ਦੇ ਸ਼ਹੀਦ
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ।।
ਕਲਿ ਕਲੇਸ ਤਨ ਮਾਹਿ ਮਿਟਾਵਉ।।
ਮੈਂ ਹਾਂ ਤੇਗ ਤੇ ਕਢ ਲੈ ਤੇਗ ਤੂੰ ਵੀ,
ਇੱਕ ਦੋ ਨੀ ਪਰਖ ਲੈ ਸੌ ਤੇਗਾਂ,
ਮੈਨੂੰ ਲਕਵਾ ਹੈ ਤੇਗ ਬਹਾਦਰੀ ਦਾ,
ਮੇਰੇ ਸਾਂਹਵੇ ਨੀ ਸਕਦੀਆਂ ਖਲੋ ਤੇਗਾਂ,
ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ,
ਵੇਖ ਪਿਤਾ ਦੀਆਂ ਪਹਿਨੀਆ ਦੋ ਤੇਗਾਂ,
ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ,
ਰਿਹਾ ਪਰਖਦਾ ਤੇਰਾ ਪਿਉ ਤੇਗਾਂ,
ਹੁਣ ਵੀ ਵੇਖੇਗਾਂ ਆਉਂਦੇ ਭਵਿਖ ਅੰਦਰ ,
ਮੇਰੇ ਪੁੱਤਰ ਨੇ ਵਹੁਣੀਆਂ ਓਹ ਤੇਗਾਂ,
ਉਹਦੀ ਤੇਗ ਵਿੱਚੋ ਜਿਹੜੀ ਤੇਗ ਨਿਕਲੂ ,
ਓਹ ਲੱਖਾਂ ਲਏਗੀ ਤੇਰੀਆਂ ਖੋਹ ਤੇਗਾਂ ।
ਬਿਨ ਕੋਈ ਤੇਗ ਚਲਾਇਆਂ ਵੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਬਿਨ ਕੋਈ ਖੂਨ ਵਹਾਇਆਂ ਹੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਜੰਝੂ ਦੀ ਜਿਨ੍ਹਾਂ ਨੇ ਰੱਖਿਆ ਕੀਤੀ
ਸਤਿਗੁਰ ਤੇਗ ਬਹਾਦਰ ਜੀ ਸਨ
ਜਿਸ ਨੇ ਦਿੱਤੀ ਆਪ ਸ਼ਹੀਦੀ ਓਹ
ਸਤਿਗੁਰ ਤੇਗ ਬਹਾਦਰ ਜੀ ਸਨ
ਔਰੰਗਜ਼ੇਬ ਦੀ ਜ਼ੁਲਮ ਦੀ ਨੀਤੀ
ਓਹ ਨੀਤੀ ਨਹੀਂ ਬਸ ਬਦਨੀਤੀ ਸੀ
ਬਦਲੋ ਧਰਮ ਮੁਸਲਿਮ ਬਣ ਜਾਓ
ਇਹ ਉਸ ਦੀ ਇੱਕ ਕੁਰੀਤੀ ਸੀ
ਪੰਡਿਤ ਕਸ਼ਮੀਰੀ ਸ਼ਰਨ ‘ਚ ਆਏ
ਬਿਨਤੀ ਸਤਿਗੁਰ ਨੂੰ ਕੀਤੀ ਜਦ
ਸਭ ਅੱਖਾਂ ਵਿੱਚੋ ਨੀਰ ਵਹਾਉਂਦੇ
ਸੀ ਜੀਭ ਓਹਨਾਂ ਦੀ ਸੀਤੀ ਤਦ
ਜ਼ੁਲਮ ਦੇ ਅੱਗੇ ਸਾਡਾ ਵਾਹ ਨਾ ਚੱਲੇ
ਅਸੀਂ ਸ਼ਰਨ ਤੁਹਾਡੀ ਆਏ ਹਾਂ
ਔਰੰਗਜ਼ੇਬ ਦੀਆਂ ਚਾਲਾਂ ਦੇ ਮਾਰੇ
ਅਸੀਂ ਦੁਖੀ ਅਤੇ ਬਹੁਤ ਸਤਾਏ ਹਾਂ
ਸੁਣ ਕੇ ਵਿੱਥਿਆ ਸਭ ਸਤਿਗੁਰ ਨੇ
ਫਿਰ ਇਹੋ ਗੱਲ ਇੱਕ ਸੁਣਾਈ ਸੀ
ਬਲੀਦਾਨ ਦੇਣ ਦੀ ਕਿਸੇ ਸੰਤ ਦੀ
ਹੁਣ ਹੈ ਫਿਰ ਵਾਰੀ ਆਈ ਜੀ
ਬਾਲ ਗੋਬਿੰਦ ਜੀ ਕੋਲ ਖੜ੍ਹੇ ਸੀ
ਉਸ ਇਹੋ ਆਖ ਸੁਣਾਇਆ ਸੀ
ਆਪ ਤੋਂ ਵੱਡਾ ਕਿਹੜਾ ਹੈ ਜੋ ਇਸ
ਦੁਨੀਆਂ ਦੇ ਅੰਦਰ ਆਇਆ ਜੀ
ਇਸੇ ਲਈ ਗੁਰੂ ਤੇਗ ਬਹਾਦਰ
ਸੰਦੇਸ਼ਾ ਇਹ ਸੀ ਭਿਜਵਾਇਆ
ਇਹਨਾਂ ਨੂੰ ਛੱਡ ਤੂੰ ਮੈਨੂੰ ਫੜ ਲੈ
ਮੈਂ ਖੁਦ ਦਿੱਲੀ ਚੱਲ ਕੇ ਆਇਆ
ਦੇ ਕੇ ਸ਼ਹਾਦਤ ਧਰਮ ਦੀ ਖਾਤਰ
ਓਹਨਾਂ ਕੰਮ ਕੀਤਾ ਲਾਸਾਨੀ ਸੀ
ਸ਼ਾਇਦ ਅਜੇ. ਵੀ ਉਸ ਕਰਮ ਦੀ
ਕੀਮਤ ਨਹੀਂ ਅਸਾਂ ਹੈ ਜਾਨੀ ਜੀ
ਅਸੀਂ ਹੱਕ-ਸੱਚ ਤੇ ਧਰਮ ਵਾਲੇ
ਜ਼ਜਬੇ ਨੂੰ ਮਰਨ ਨਹੀਂ ਦੇਣਾ ਹੈ
‘ਇੰਦਰ’ ਜ਼ੁਲਮ ਆਪ ਨਾ ਕਰਨਾ
ਕਿਸੇ ਨੂੰ ਕਰਨ ਨਹੀਂ ਦੇਣਾ ਹੈ
ਇੰਦਰ ਪਾਲ ਸਿੰਘ – ਪਟਿਆਲਾ
ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ****
ਜਾ ਦਿੱਲੀ ਸੀਸ ਕਟਾਇਆ, ਗੁਰੂ ਤੇਗ ਬਹਾਦੁਰ।
ਡੁੱਬਦਾ ਧਰਮ ਬਚਾਇਆ, ਗੁਰੂ ਤੇਗ ਬਹਾਦੁਰ।
ਕੀਤੀਆਂ ਜ਼ੁਲਮ ਦੀਆਂ ਸੀ ਹੱਦਾਂ ਪਾਰ ਔਰੰਗੇ ਨੇ
ਬਣ ਮਸੀਹਾ ਫਿਰ ਆਇਆ, ਗੁਰੂ ਤੇਗ ਬਹਾਦੁਰ।
ਸਵਾ ਮਣ ਜਨੇਊ ਉਤਾਰ ਕੇ ਰੋਟੀ ਖਾਂਦਾ ਸੀ ਪਾਪੀ
ਕਿ ਪਾਪ ਨੂੰ ਬੰਨ੍ਹਾ ਲਾਇਆ, ਗੁਰੂ ਤੇਗ ਬਹਾਦੁਰ।
ਭਾਈ ਸਤੀ ਦਾਸ ਜੀ ਨੂੰ ਸਾਹਮਣੇ ਸੀ ਸਾੜ ਦਿੱਤਾ
ਰੱਤਾ ਨਾ ਸਿਦਕ ਡੋਲਾਇਆ, ਗੁਰੂ ਤੇਗ ਬਹਾਦੁਰ।
ਭਾਈ ਮਤੀ ਦਾਸ ਜੀ ਦੇ ਵੀ ਚੱਲਿਆ ਸੀਸ ਤੇ ਆਰਾ
ਸੀ ਜਪੁਜੀ ਜਾਪ ਜਪਾਇਆ, ਗੁਰੂ ਤੇਗ ਬਹਾਦੁਰ।
ਵਿੱਚ ਦੇਗ ਉਬਾਲੇ ਖਾ ਗਿਆ ਭਾਈ ਦਿਆਲਾ ਜੀ
ਇਹ ਕੈਸਾ ਸਿੱਖ ਬਣਾਇਆ, ਗੁਰੂ ਤੇਗ਼ ਬਹਾਦੁਰ।
ਦੇ ਤਸੀਹੇ ਉਹ ਹੰਭ ਗਏ, ਉਹ ਹਾਰ ਗਏ ਜ਼ਾਲਿਮ
ਦਿੱਤਾ ਸੀਸ, ਨਾ ਝੁਕਾਇਆ, ਗੁਰੂ ਤੇਗ਼ ਬਹਾਦੁਰ।
ਪਾ ਰੱਤ ਬੁਝਦੇ ਦੀਪ ਜਗਾ ਦਿੱਤੇ ਵਿੱਚ ਮੰਦਿਰਾਂ ਦੇ
ਧਰਮ ਦੀ ਚਾਦਰ ਕਹਾਇਆ, ਗੁਰੂ ਤੇਗ਼ ਬਹਾਦੁਰ।
:- ਗੁਰਪ੍ਰੀਤ ਸਿੰਘ “ਨਮੋਲ”
ਸੰਤ ਮਸਕੀਨ ਜੀ ਵਿਚਾਰ – ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥
ਕਹਿੰਦੇ ਨੇ ਜਦ ਬਾਣੀ ਦੀ ਬਣਤਰ ਹੋ ਰਹੀ ਸੀ, ਪਹਿਲੇ ਪਾਤਿਸ਼ਾਹ ਤੋਂ ਦੂਜੇ, ਦੂਜੇ ਤੋਂ ਤੀਜੇ ਤੱਕ ਇਹ ਪੋਥੀਆਂ ਸਿਲਸਿਲੇਵਾਰ ਆਈਆਂ ਤਾਂ ਕੁਦਰਤੀ ਗੱਲ ਦੇਸ਼ ਦੇ ਵਿਚ ਥੋੜ੍ਹੀ ਬਹੁਤ ਤੇ ਹਲਚਲ ਮੱਚਣੀ ਸੀ।
ਬ੍ਰਾਹਮਣਾਂ ਨੇ ਆਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ, “ਮਹਾਰਾਜ! ਇਸ ਦੇਸ਼ ਦੇ ਵਿਚ ਅਠਾਰਾਂ ਪੁਰਾਣ ਨੇ, ੨੭ ਸਿਮਰਤੀਆਂ ਨੇ, ੬ ਸ਼ਾਸ਼ਤਰ ਨੇ, ੪ ਵੇਦ ਨੇ, ੧੦੮ ਦੇ ਕਰੀਬ ਉਪਨਿਸ਼ਦਾਂ ਨੇ, ਇਸ ਤੌਂ ਇਲਾਵਾ ਹੋਰ ਛੋਟੇ ਮੋਟੇ ਗ੍ਰੰਥ ਨੇ ਤੇ ਤੁਹਾਨੂੰ ਨਵਾਂ ਗ੍ਰੰਥ ਬਨਾਉਣ ਦੀ ਕੀ ਲੋੜ ਪੈ ਗਈ ਏ? ਉਹ ਹੀ ਪੜ੍ਹੀਏ, ਵਕਤ ਕੋਈ ਨਈਂ ਬੰਦੇ ਕੋਲ ਇਤਨਾ, ਸਾਰੀ ਜ਼ਿੰਦਗੀ ਵਿਲੀਨ ਕਰ ਸਕੀਏ ਤੋ ਸਾਰਾ ਪੜ੍ਹ ਨਈਂ ਸਕਦੇ ਤੇ ਤੁਸੀਂ ਨਵੇਂ ਗ੍ਰੰਥ ਦੀ ਸਿਰਜਨਾ ਕਰਨ ਲੱਗ ਪਏ ਓ, ਆਖਿਰ ਕਿਹੜੀ ਲੋੜ ਤੁਸੀ ਮਹਿਸੂਸ ਕੀਤੀ ਏ ?”
ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ, ਆਪ ਕਹਿੰਦੇ ਨੇ,
“ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥” (ਮ: ੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਬੜਾ ਸੁੰਦਰ ਜਵਾਬ ਦਿੱਤੈ, ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਮਹਾਰਾਜ ਕਹਿੰਦੇ ਨੇ, “ਪਹਿਲੇ ਮੈਨੂੰ ਦੱਸੋ, ਧਰਤੀ ਦੇ ਉੱਪਰ ਮੀਂਹ ਪੈਂਦਾ ਹੈ ਤੇ ਧਰਤੀ ਹਰੀ ਭਰੀ ਹੋ ਜਾਂਦੀ ਏ, ਕਿਆ ਧਰਤੀ ਦੇ ਵਿਚ ਪਾਣੀ ਨਈਂ ਏਂ? ਜਦ ਧਰਤੀ ਦੇ ਵਿਚ ਪਾਣੀ ਏਂ ਤੇ ਉੱਪਰ ਬਰਸਣ ਦੀ ਕੀ ਲੋੜ ਪੈ ਗਈ ਏ ?
ਐ ਤਰਕਵਾਦੀਉ ! ਅਗਰ ਧਰਤੀ ਦੇ ਥੱਲਿਉਂ ਖੂਹ ਬਣਾ ਕੇ ਪਾਣੀ ਕੱਢੀਏ ਤਾਂ ਕਿਤਨਾ ਕੁ ਧਰਤੀ ਨੂੰ ਸੈਰਾਬ ਕਰੇਗਾ, ਕਿਤਨੀ ਕੁ ਥਾਂ ਨੂੰ ਤਰ ਕਰੇਗਾ ?
ਬਹੁਤ ਥੋੜ੍ਹੀ ਥਾਂ,ਬਹੁਤ ਥੋੜ੍ਹੀ ਥਾਂ। ਉਚੇ ਟਿੱਬੇ ਰਹਿ ਜਾਣਗੇ, ਮਾਰੂਥਲ ਰਹਿ ਜਾਏਗਾ, ਪਹਾੜਾਂ ਦੀਆਂ ਕੰਧਰਾਂ ਰਹਿ ਜਾਣਗੀਆਂ। ਬੱਦਲ ਸਾਰੀ ਥਾਂ ਤੇ ਬਰਸਦੈ, ਸਾਰੀ ਥਾਂ ਤੇ। ਤੁਹਾਡੇ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਨੇ, ਉਹ ਸਾਰੇ ਖੂਹ ਨੇ, ਪਾਣੀ ਉਨ੍ਹਾਂ ‘ਚ ਜਰੂਰ ਐ, ਪਿਆਸ ਜਰੂਰ ਬੁਝਦੀ ਏ ਪਰ ਹੁਣ ਕਿਸੇ ਦੇ ਕੋਲ ਰੱਸੀ ਹੋਵੇ, ਡੋਲ ਹੋਵੇ ਤੇ ਖਿੱਚਣ ਦੀ ਸਮਰੱਥਾ ਵੀ ਹੋਵੇ ਤਾਂ ਹੀ ਕੁਝ ਕੱਢ ਸਕੇਗਾ ਨਾ। ਪਹਿਲੇ ਤੇ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਸਤੇ ਉਹ ੩੫ ਸਾਲ ਦੇ ਕਰੀਬ ਸੰਸਕ੍ਰਿਤ ਤੇ ਵਿਆਕਰਣ ਸਿੱਖਣ ‘ਚ ਲੰਘਾ ਦੇਵੇ। ਫਿਰ ਇਨ੍ਹਾਂ ਦੇ ਅਰਥ ਬੋਧ ਪੜ੍ਹੇ, ਤੋ ਸਾਰੀ ਜ਼ਿੰਦਗੀ ਤੇ ਇਸੇ ਦੇ ਵਿਚ ਹੀ ਖਰਚ ਹੋ ਜਾਏਗੀ, ਵਿਲੀਨ ਹੋ ਜਾਏਗੀ ਤੇ ਜੇ ਕਿਧਰੇ ਇਕ ਅੱਧ ਡੋਲ ਪਾਣੀ ਦਾ ਲੱਭਾ ਵੀ ਤੇ ਪਤਾ ਨਈਂ ਉਹ ਮਿਲਣਾ ਵੀ ਹੈ ਕਿ ਨਈਂ। ਉਹ ਵੀ ਆਉਂਦਿਆਂ-੨ ਤੱਕ ਡੁੱਲੵ ਜਾਏਗਾ।
ਅਸੀਂ ਜਿਸ ਬਾਣੀ ਦਾ ਉਚਾਰਣ ਕਰ ਰਹੇ ਆਂ, ਉਹਦੇ ‘ਚ ਬਿਖਮਤਾ ਨਈਂ ਏਂ, ਉਹ ਖੁੱਲ੍ਹੀ ਏ। ਮਨੁੱਖ ਦੀ ਆਮ ਬੋਲ ਚਾਲ ਦੀ ਭਾਸ਼ਾ ਦੇ ‘ਚ ਅੈ ਔਰ ਸ਼ਬਦਾਂ ਨੂੰ ਛੁਪਾ ਕੇ ਇਤਿਹਾਸ ਤੇ ਮਿਥਿਹਾਸ ਦੇ ਨਾਲ ਨਈਂ ਜੋੜਿਆ ਗਿਆ। ਇਸ ਵਾਸਤੇ ਇਹ ਬੱਦਲਾਂ ਦਾ ਪਾਣੀ ਏਂ, ਉਹ ਧਰਤੀ ਦੇ ਵਿਚ ਦਾ ਪਾਣੀ ਏਂ।”
ਸ਼ਾਂਤ ਕਰ ਦਿੱਤਾ ਔਰ ਕਹਿ ਦਿੱਤਾ, “ਐ ਬ੍ਰਾਹਮਣ! ਤੇਰੇ ਵੇਦ ਤੇਰੇ ਤੋਂ ਬਿਨਾਂ ਕੋਈ ਹੋਰ ਨਈਂ ਜਾਣਦਾ ਔਰ ਤੂੰ ਈ ਪੁੱਠੇ ਸਿੱਧੇ ਜੋ ਅਰਥ ਕਰੇਂ, ਉਹ ਈ ਐ। ਅਸੀਂ ਉਸ ਬਾਣੀ ਦਾ ਉਚਾਰਣ ਕੀਤੈ, ਜਿਸ ਨੂੰ ਹਰ ਇਕ ਪੜ੍ਹੇ ਤੇ ਪੜ੍ਹ ਕੇ ਜੁੜੇ।” ਸ਼ੇਅਰ ਜਰੂਰ ਕਰੋ ਜੀ
ਲੱਭੀਏ ਤਾਂ ਏਨਾਂ ਵੱਡਾ ਕੋਈ ਦਾਨੀ ਨੀ ਹੋਣਾਂ
ਗੋਬਿੰਦ ਦਾ ਜੱਗ ਉੱਤੇ ਕੋਈ ਸਾਨੀਂ ਨੀ ਹੋਣਾਂ
ਜੋੜਾ ਜੋੜਾ ਕਰ ਵਾਰ ਗਏ ਸੀ ਟੋਟੇ ਜਿੰਦ ਦੇ
ਪਿਤਾ ਬਣੇਂ ਰੱਖਵਾਲੇ ਸ਼ਰਨੀਏਂ ਨੀ ਹਿੰਦ ਦੇ
ਨਿਸ਼ਾਨ ਸਾਹਿਬ ਗਏ ਅੱਧ ਅਸਮਾਨ ਚਾੜ ਕੇ
ਚਿੱਠੀ ਲਿਖ ਬਠਿੰਡੇ ਵਾਲੀਏ ਨੀ ਰੰਗੇ ਮਾਰ ਤੇ
ਸ਼ਰਨੀ✍️
ਸਤਿਗੁਰੁ ਹੈ ਗਿਆਨੁ
ਸਤਿਗੁਰੁ ਹੈ ਪੂਜਾ ||
ਇਸ ਤੋਂ ਉੱਪਰ ਕੋਈ ਨਹੀਂ ਦੂਜਾ
ਵਾਹਿਗੁਰੂ ਜੀ
ਸ਼ਹੀਦ ਬਾਬਾ ਮਨੀ ਸਿੰਘ ਜੀ :
ਹੁਕਮ ਹੋਇਆ ਅੰਗ ਅੰਗ,ਹੈ ਵੱਢਣਾ,
ਭਾਈ ਮਨੀ ਹੱਸ,ਬੰਦ ਕਟਾਏ!
ਚੇਹਰਾ ਸ਼ਾਂਤ,ਵਿੱਚ ਅੱਖਾ ਸੀ ਮਸਤੀ,
ਮੁਖ ਬਾਣੀ ਦੇ ਪਾਠ ਸਜਾਏ!
ਵੇਖ ਮੰਜਰ ਗਸ਼,ਖਾ ਖਾ ਡਿੱਗੇ,
ਜਿਹੜੇ ਸਾਕਾ ਸੀ,ਦੇਖਣ ਆਏ!
ਸੁਣ ਹਾਲ ਘਬਰਾ ਜਕਰੀ ਖਾਨ,
ਨਵੇ ਜਲਾਦ ਸੀ,ਹੁਕਮ ਸੁਣਾਏ!
ਕਿਹਾ ਇੱਕੋ ਵਾਰ ਸਿਰ ਧੜੋ ਵੱਢ,
ਕੰਮ ਜਲਦੀ ਨਿਬੜ ਜਾਏ!
ਧੰਨ ਧੰਨ ਭਾਈ ਮਨੀ ਸਿੰਘ ਜੀ
ਜਿਨਾਂ ਦਰਦਾਂ ਦੇ ਦੋਰ ਹੰਢਾਏ,
ਸਿੱਖੀ ਸੂਲੋ ਕਰ ਗਏ ਤਿੱਖੀ,
ਲੇਖ ਕੌਮ ਦੇ ਲੇਖੇ ਲਾਏ।
ਮੈਂ ਇੰਗਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੁਝ ਦਿਨਾਂ ਤੋਂ ਕਰਮ ਫ਼ਿਲਾਸਫ਼ੀ ‘ਤੇ ਵਿਚਾਰਾਂ ਸੰਗਤਾਂ ਸਾਹਮਣੇ ਰੱਖ ਰਿਹਾ ਸੀ।ਅਗਲੇ ਦਿਨ ਸਵੇਰੇ-ਸਵੇਰੇ ਕੁਝ ਨੌਜੁਆਨ ਮੇਰੇ ਕਮਰੇ ਵਿਚ ਆਏ।ਉਨਾਂ ਦੇ ਨਾਲ ਇਕ ਕੁਝ ਦਿਨਾਂ ਦਾ ਅਪੰਗ ਬੱਚਾ ਵੀ ਸੀ।ਉਹ ਆ ਕੇ ਬੋਲਣ ਲੱਗ ਪਏ-
“ਤੁਹਾਡੀ ਕਰਮ ਫ਼ਿਲਾਸਫ਼ੀ ਗਲਤ ਹੈ,ਝੂਠੀ ਹੈ।ਤੁਸੀਂ ਇਤਨੇ ਦਿਨਾਂ ਤੋਂ ਆਪਣਾ ਅਤੇ ਸੰਗਤਾਂ ਦਾ ਵਕਤ ਬਰਬਾਦ ਕਰ ਰਹੇ ਹੋ।ਦੱਸੋ,ਇਸ ਬੱਚੇ ਨੇ ਕੀ ਗਲਤ ਕਰਮ ਕੀਤਾ ਹੈ,ਜੋ ਜਨਮ ਤੋਂ ਹੀ ਅਪਾਹਜ ਹੈ।ਸਾਰੀ ਜ਼ਿੰਦਗੀ ਇਹ ਆਪ ਵੀ ਦੁਖੀ ਰਹੇਗਾ,ਸਾਨੂੰ ਵੀ ਦੁਖੀ ਕਰੇਗਾ।”
ਉਹ ਬਹੁਤ ਗੁੱਸੇ ਵਿਚ ਬੋਲੀ ਜਾ ਰਹੇ ਸਨ।ਦਰਅਸਲ ਉਹ ਬੱਚੇ ਦੇ ਦੁੱਖ ਕਰਕੇ ਆਪੇ ਤੋਂ ਬਾਹਰ ਸਨ।ਮੈਂ ਉਨਾਂ ਨੂੰ ਸ਼ਾਂਤ ਕੀਤਾ ਤੇ ਕਿਹਾ-
“ਮੈਂਨੂੰ ਵੀ ਕੁਝ ਬੋਲਣ ਦਾ ਮੌਕ ਦਿਉ।”
ਮੈਂ ਉਨਾਂ ਨੂੰ ਕਿਹਾ-
“ਕਰਮ ਇਕ ਬੀਜ ਹੈ ਅਤੇ ਇਸ ਬੀਜ ਨੂੰ ਦੁੱਖ ਸੁੱਖ ਦੇ ਫਲ ਲੱਗਦੇ ਹਨ।ਕਈ ਵਾਰ ਮਨੁੱਖ ਕਹਿ ਦਿੰਦਾ ਹੈ ਕਿ ਮੈਨੂੰ ਇਤਨਾ ਦੁੱਖ ਆ ਗਿਆ ਹੈ,ਮੈਂ ਤਾਂ ਕੋਈ ਬੁਰਾ ਕੰਮ,ਗ਼ਲਤ ਕਰਮ ਨਹੀਂ ਕੀਤਾ,ਮੈਂ ਕਿਸੇ ਦਾ ਬੁਰਾ ਨਹੀਂ ਸੋਚਿਆ,ਫਿਰ ਮੈਨੂੰ ਇਤਨਾ ਦੁੱਖ ਕਿਉਂ ਆ ਗਿਆ।ਦਰਅਸਲ ਬੀਜ ਬੀਜਨ ਤੋਂ ਲੈ ਕੇ ਫਲ ਤੱਕ ਅਪੜਨ ਲਈ ਸਮੇਂ ਦਾ ਗੈਪ ਹੈ,ਅੰਤਰਾਲ ਹੈ।ਧਰਤੀ ਵਿਚ ਬੀਜ ਮੈਂ ਅੱਜ ਬੀਜਿਆ ਹੈ,ਫਲ ਤਾਂ ਅੱਜ ਕੋਈ ਨਹੀਂ,ਕੁਝ ਵਕਤ ਲੱਗੇਗਾ,ਸਮਾਂ ਲੱਗੇਗਾ।ਕੋਈ ਬੀਜ ਬੀਜਣ ਤੋਂ ਬਾਅਦ ਫਲ ਛੇ ਮਹੀਨੇ ਵਿਚ ਦਿੰਦਾ ਹੈ,ਕਈ ਸਾਲ ਬਾਅਦ,ਕੋਈ ਦੋ ਸਾਲ,ਕਈ ਪੰਜ ਸਾਲ ਬਾਅਦ,ਇਥੋਂ ਤੱਕ ਕਿ ਇਮਲੀ ਦਾ ਬੂਟਾ ਪੈਂਤੀ ਸਾਲ ਬਾਅਦ ਫਲ ਦਿੰਦਾ ਹੈ।ਹੂ-ਬ-ਹੂ ਅਸੀਂ ਜੋ ਕਰਮ ਰੂਪੀ ਬੀਜ ਬੀਜਦੇ ਹਾਂ,ਉਸਦਾ ਫਲ ਅੱਜ ਨਹੀਂ ਹੈ।ਸਮੇਂ ਦਾ ਅੰਤਰਾਲ ਹੋਣ ਕਰਕੇ ਸਾਨੂੰ ਇਹ ਯਾਦ ਹੀ ਨਹੀਂ ਹੁੰਦਾ ਕਿ ਇਹ ਬੀਜ ਕਦੋਂ ਬੀਜਿਆ ਸੀ,ਜਿਸ ਨੂੰ ਇਹ ਦੁੱਖ ਦਾ ਫਲ ਲੱਗਿਆ ਹੈ।
ਭਗਤ ਕਬੀਰ ਜੀ ਵੀ ਕਹਿੰਦੇ ਹਨ-
“ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉੁ॥
ਮੈਂ ਕਿਆ ਜਾਨਉੁ ਬਾਬਾ ਰੇ ॥”
{ਅੰਗ ੮੩੦}
ਜੇ ਅਸੀਂ ਅੱਜ ਦੁਖੀ ਹਾਂ ਤਾਂ ਇਹ ਗੱਲ ਪੱਕੀ ਹੈ ਕਿ ਕੋਈ ਕਰਮ ਅਜਿਹਾ ਪਹਿਲਾਂ ਕੀਤਾ ਹੈ,ਜਿਸ ਕਰਕੇ ਅਸੀਂ ਅੱਜ ਦੁਖੀ ਹਾਂ ਅਤੇ ਜੇ ਅਸੀਂ ਅੱਜ ਸੁਖੀ ਹਾਂ ਤਾਂ ਕੋਈ ਕਰਮ ਅਜਿਹੇ ਕੀਤੇ ਹਨ,ਜਿਸਨੂੰ ਇਹ ਫਲ ਲੱਗੇ ਹਨ।
ਮੈਂ ਉਨਾਂ ਨੂੰ ਸਮਝਾਇਆ-
“ਮਨੁੱਖ ਜੀਵਨ ਵਿਚ ਕਰਮ ਰੋਜ਼-ਰੋਜ਼ ਕਰਦਾ ਹੈ,ਪਰ ਮਨੁੱਖ ਦੀ ਉਮਰ ਰੋਜ਼-ਰੋਜ਼ ਘਟਦੀ ਜਾ ਰਹੀ ਹੈ।ਇਕ ਦਿਨ ਮਨੁੱਖ ਦੀ ਮੌਤ ਹੋ ਜਾਂਦੀ ਹੈ,ਪਰ ਜੋ ਅਸੀਂ ਕਰਮ ਅਖ਼ੀਰ ਤੱਕ ਬੀਜਦੇ ਰਹੇ ਹਾਂ,ਉਨਾਂ ਦਾ ਫਲ ਅਸੀਂ ਉਸ ਜੀਵਨ ਵਿਚ ਨਹੀਂ ਖਾ ਸਕੇ।ਉਹ ਫਿਰ ਅਗਲੇ ਜਨਮ ਵਿਚ ਖਾਣ ਨੂੰ ਮਿਲਦੇ ਹਨ।
ਮੈਂ ਉਨਾਂ ਨੂੰ ਕਿਹਾ-
“ਇਹ ਜੋ ਬੱਚਾ ਹੈ,ਜੋ ਅਪੰਗ ਹੀ ਪੈਦਾ ਹੋਇਆ ਹੈ,ਇਹ ਕੋਈ ਪਿਛਲੇ ਜਨਮ ਦਾ ਬੋਇਆ ਹੋਇਆ ਬੀਜ ਹੈ,ਜੋ ਇਸਦੀ ਇਹ ਹਾਲਤ ਹੈ,ਤੇ ਕੋਈ ਤੁਹਾਡੇ ਵੀ ਕਰਮ ਅੈਸੇ ਹੋਣਗੇ ਜਿਸ ਕਰਕੇ ਇਸ ਦੇ ਸੰਬੰਧ ਤੁਹਾਡੇ ਨਾਲ ਜੁੜੇ ਹਨ।”
ਸੋ ਇਹ ਇਕ ਨਿਯਮ ਹੈ ਕਿ ਜੋ ਦੁੱਖ ਹੈ,ਤਾਂ ਕਰਮ ਮਾੜੇ ਕੀਤੇ ਹਨ,ਜੇ ਸੁੱਖ ਹੈ ਤਾਂ ਕਰਮ ਕੁਝ ਚੰਗੇ ਕੀਤੇ ਹਨ।ਇਸ ਵਾਸਤੇ ਕਿਸੇ ਦੂਜੇ ਤੀਜੇ ਨੂੰ ਗੁਰਬਾਣੀ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥”
{ਅੰਗ ੪੩੩}
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )
ਕੀ ਤੁਹਾਨੂੰ ਪਤਾ ਹੈ ?
20 ਤੋਂ 27 ਦਸੰਬਰ 1704 ਈ: ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ।
ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਗਰੀਬਾਂ,
ਮਜ਼ਲੂਮਾਂ, ਨਿਮਾਣੇ ਅਤੇ ਨਿਤਾਣੇ ਲੋਕਾਂ ਦੀ ਖਾਤਿਰ
ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ
ਸੂਬਾ ਸਰਹਿੰਦ ਨੇ ਨੀਹਾਂ ਵਿੱਚ
ਚਿਣ ਕੇ ਸ਼ਹੀਦ ਕਰ
ਦਿੱਤੇ ਸਨ।
ਸੋ ਉਪ੍ਰੋਕਤ ਸ਼ਹੀਦੀ ਹਫਤਾ ਮਾਨਵਤਾ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ।
ਅਸੀਂ ਸਾਰੇ, ਸਰਬੰਸਦਾਨੀ ਦਸਮੇਸ਼ ਪਿਤਾ ਦੇ ਕਰਜ਼ਦਾਰ ਹਾਂ।
ਕੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ?
ਜੇ ਹੈ ਤਾਂ ਆਉ “ਖਰਚੇ ਤੇ ਖੇਚਲ ਤੋਂ ਬਿਨਾਂ ਇਹ ਸ਼ਹੀਦੀ ਹਫਤਾ ਮਨਾਈਏ ਅਤੇ
‘ਇਹ ਪ੍ਰਣ ਕਰੀਏ !
* ਇਸ ਹਫਤੇ ਦੌਰਾਨ ਆਪਣੇ ਘਰਾਂ ਵਿੱਚ ਕੋਈ ਐਸਾ ਕੰਮ, ਜਿਸ ਵਿੱਚ ਨੱਚਣਾ, ਟੱਪਣਾ, ਗਾਉਣਾ,ਵਜਾਉਣਾ, ਦੀਪਮਾਲਾ ਅਤੇ ਨਸ਼ਿਆਂ ਦੀ ਵਰਤੋਂ ਵਾਲਾ ਕੋਈ ਸਮਾਗਮ ਨਾ ਕਰੀਏ। ਕਿਉਂ ਕਿ ਚੰਚਲਤਾ “ਸ਼ਹੀਦੀ ਪ੍ਰਤੀ ਅਹਿਸਾਸ ਪੈਦਾ ਨਹੀਂ ਹੋਣ
ਦਿੰਦੀ।
* ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 25, 26 ਅਤੇ 27 ਦਸੰਬਰ ਦੀਆਂ“ਸ਼ਹੀਦੀ ਰਾਤਾਂ ਨੂੰ ਸੌਣ ਲਈ ਆਪਣੇ
ਬਿਸਤਰੇ ਧਰਤੀ ਉੱਤੇ ਵਿਛਾਕੇ ਠੰਡੇ ਬੁਰਜ ਵਾਲੇ ਵਾਤਾਵਰਣ ਨੂੰ ਮਹਿਸੂਸ ਕਰੀਏ।
*26 ਦਸੰਬਰ (13 ਪੋਹ) ਸ਼ਹੀਦੀ ਵਾਲੇ ਦਿਨ ਸਮਾਂ ਸਵੇਰੇ 10:00 ਤੋਂ 11:15 ਤੱਕ ਅਸੀਂ ਸਾਰੇ ਕੰਮ ਕਾਜ ਛੱਡਕੇ
ਸ਼ਾਹਿਬਜ਼ਾਦਿਆਂ ਦੀ ਯਾਦ ਵਿੱਚ ਜਿਥੇ ਵੀ ਹਾਂ, ਜਾਂ ਨੇੜੇ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋ ਕੇ ਗੁਰਬਾਣੀ
ਪਾਠ ਅਤੇ ਵਾਹਿਗੁਰੂ ਸਿਮਰਨ ਕਰੀਏ॥
ਨੋਟ:- ਹਰਖ, ਸੋਗ, ਖੁਸ਼ੀ, ਗਮੀ, ਅਫਸੋਸ, ਚੜ੍ਹਦੀ ਜਾਂ ਢਹਿੰਦੀ ਕਲਾ ਨਾਲ ਉਪ੍ਰੋਕਤ ਅਪੀਲ ਦਾ ਕੋਈ ਸਬੰਧ
ਨਹੀਂ, ਸਗੋਂ ਚੰਚਲਤਾਈ ਛੱਡ, ਗੰਭੀਰਤਾ ਨਾਲ ਵਿਰਸੇ ਪ੍ਰਤੀ ਸੁਚੇਤ ਹੋਣਾ ਹਰ ਸਿੱਖ ਦਾ ਫਰਜ਼ ਹੈ।
ਅਪੀਲ:-ਘੱਟੋ ਘੱਟ ਹੋਰ 10 ਵਿਅਕਤੀਆਂ ਨੂੰ ਇਹ ਪ੍ਰਣ ਕਰਨ ਦੀ ਪ੍ਰੇਰਣਾ ਕਰੋ ਜੀ।
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ ॥