ਸਾਡੇ ਵਿਹੜੇ ਆਇਆ ਮਾਏ, ਨੂਰ ਕੋਈ ਰੱਬ ਦਾ,
ਸਾਰੇ ਜਗ ਵੇਖ ਲਿਆ ਸਾਨੂੰ ਕਿਉਂ ਨਾ ਲਭਦਾ ?
ਵੇਖ ਲਿਆ ਦਾਈਆਂ ਤੇ ਪਛਾਣ ਲਿਆ ਪਾਂਧਿਆਂ,
ਮੁੱਲਾਂ ਕੁਰਬਾਨ ਹੋਇਆ ਮੁਖ ਨੂੰ ਤਕਾਂਦਿਆਂ ।
ਮੱਝੀਆਂ ਤੇ ਗਾਈਆਂ ਡਿੱਠਾ ਚੁੱਕ ਚੁੱਕ ਬੂਥੀਆਂ,
ਕੀੜਿਆਂ ਤੇ ਕਾਂਢਿਆਂ ਵੀ ਲਭ ਲਈਆਂ ਖੂਬੀਆਂ ।
ਪੰਛੀਆਂ ਪਛਾਣ ਲਏ ਮਾਏ ਉਹਦੇ ਬੋਲ ਨੀ,
ਚਿਤਰੇ ਤੇ ਸ਼ੇਰ ਸੁੱਤੇ ਮਸਤ ਉਹਦੇ ਕੋਲ ਨੀ ।
ਵਣਾ ਕੀਤੇ ਸਾਏ, ਸੱਪਾਂ ਛੱਜਲੀਆਂ ਖਿਲਾਰੀਆਂ,
ਸਾਗਰਾਂ ਨੇ ਰਾਹ ਦਿੱਤੇ, ਮੱਛਾਂ ਨੇ ਸਵਾਰੀਆਂ ।
ਤੱਕ ਕੇ ਇਸ਼ਾਰੇ ਉਹਦੇ ਮੌਲ ਪਈਆਂ ਵਾੜੀਆਂ,
ਲਗ ਉਹਦੇ ਪੰਜੇ ਨਾਲ ਰੁਕੀਆਂ ਪਹਾੜੀਆਂ ।
ਤੱਕ ਉਹਦੇ ਨੈਣਾਂ ਦੀਆਂ ਡੂੰਘੀਆਂ ਖੁਮਾਰੀਆਂ,
ਭੁੱਲ ਗਈਆਂ ਟੂਣੇ ਕਾਮਰੂਪ ਦੀਆਂ ਨਾਰੀਆਂ ।
ਠੱਗਾਂ ਨੂੰ ਠਗੌਰੀ ਭੁੱਲੀ ਪੈਰੀਂ ਉਹਦੇ ਲੱਗ ਨੀ,
ਤਪਦੇ ਕੜਾਹੇ ਬੁੱਝੇ, ਠੰਢੀ ਹੋਈ ਅੱਗ ਨੀ ।
ਹਿੱਲੀਆਂ ਜਾਂ ਰਤਾ ਮੇਰੇ ਵੀਰ ਦੀਆਂ ਬੁੱਲ੍ਹੀਆਂ,
ਜੋਗੀਆਂ ਨੂੰ ਰਿੱਧਾਂ, ਨਿੱਧਾਂ, ਸਿਧਾਂ ਸਭ ਭੁੱਲੀਆਂ ।
ਇਹ ਕੀ ਏ ਜਹਾਨ, ਸਾਰੇ ਜਗ ਉਹਦੇ ਗੋਲੇ ਨੀ,
ਚੰਦ ਸੂਰ ਗਹਿਣੇ ਅਸਮਾਨ ਉਹਦੇ ਚੋਲੇ ਨੀ ।
ਜਲਾਂ ਥਲਾਂ ਅੰਬਰਾਂ ਅਕਾਸ਼ਾਂ ਉਹਨੂੰ ਪਾ ਲਿਆ,
ਰੇਤ ਦਿਆਂ ਜ਼ੱਰਿਆਂ ਵੀ ਓਸ ਨੂੰ ਤਕਾ ਲਿਆ ।
ਸਾਰੇ ਜਗ ਵੇਖ ਲਿਆ ਸਾਨੂੰ ਕਿਉਂ ਨਾ ਲਭਦਾ ?
ਸਾਡੇ ਵਿਹੜੇ ਆਇਆ ਮਾਏ, ਨੂਰ ਕੋਈ ਰੱਬ ਦਾ ।