ਚੜ੍ਹੀ ਜਵਾਨੀ ਖੂਨ ਉਬਾਲੇ,
ਖਾਂਦਾ ਸਿਰਫ ਮਸ਼ੂਕ ਲਈ !!
ਲੜਨਾ ਕਿਸਨੇ ਹੱਕਾਂ ਖਾਤਰ,
ਅਣਖ ਤਾਂ ਸੁੱਤੀ ਘੂਕ ਪਈ !!
ਜੋ ਕੁੜੀਆਂ ਪਿੱਛੇ ਲੜਦੇ ਮਰਗੇ,
ਕਿਤੇ ਮਿਲਣੀ ਢੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ,
ਪਰ ਨਲੂਆ ਕੋਈ ਨਾ !!
ਕਿਸਦੀ ਗਰਜ ਕੰਬਾਊਗੀ,
ਹੁਣ ਕੰਧਾਂ ਭਲਾ ਕੰਧਾਰ ਦੀਆਂ !!
ਕਿਹੜੇ ਰਾਹੇ ਪੈ ਗਈਆਂ ਨੇ
ਨਸਲਾਂ ਉਸ ਸਰਦਾਰ ਦੀਆਂ !!
ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ,
ਸਾਡੀ ਅੱਖ ਵੀ ਰੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਅਸੀਂ ਭੰਗੜੇ ਪਾਏ, ਪੈਸੇ ਵਾਰੇ,
ਬੜੇ ਹੀ ਲੱਚਰ ਗੀਤਾਂ ਤੇ !!
ਮੁੰਦੀਆਂ ਛੱਲੇ ਲੱਖ ਵਟਾਏ,
ਬੜੇ ਪਿਆਰ ਤਵੀਤਾਂ ਦੇ !!
ਜਿਸਮਾਂ ਦੀ ਇਹ ਖੇਡ ਬਣਾ ਲਈ,
ਪਰ ਰੂਹ ਤਾਂ ਟੋਹੀ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਭਾਰ ਕਿਸੇ ਤੋਂ ਝੱਲ ਨੀ ਹੁੰਦਾ
ਮਾਂ ਪਿਉ ਦੀਆਂ ਪੀੜਾਂ ਦਾ !!
ਕਿਤੇ ਸਰਵਨ ਪੁੱਤਰ ਲੱਭਦੇ ਨਾ,
ਜਗ ਰਾਂਝੇ ਹੀਰਾਂ ਦਾ !!
ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,
ਫਿਰ ਜਾਣੀ ਧੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਮੰਜ਼ਿਲ ਤੇ ਕਦ ਪੁੱਜਾਗੇਂ
ਜੇ ਭਟਕੇ ਹੀ ਰਹੇ ਰਾਹਾਂ ਤੋਂ !!
ਤਖਤਾਂ ਤੇ ਕਿੰਜ ਬੈਠਾਗੇਂ
ਜੇ ਸੱਖਣੇ ਹੋ ਗਏ ਸਾਹਾਂ ਤੋਂ !!
ਖੁਦ ਬੇੜੀ ਵਿੱਚ ਛੇਕ ਨੇ ਕੀਤੇ,
ਕਿਸੇ ਗੈਰ ਡੁਬੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ ।।