ਆਹ ਲੈ ਸਾਧਾ ! ਅਪਣੀ ਅਗਲੀ ਦੁਨੀਆਂ ਸਾਂਭ ਲੈ
ਮੇਰੀ ਦੁਨੀਆਂ ਮੈਨੂੰ ਮੇਰੀ ਮਰਜ਼ੀ ਨਾਲ ਸਜਾਣ ਦੇ
ਤਪੀਆ ! ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ
ਏਸੇ ਧਰਤੀ ਉੱਤੇ ਮੈਨੂੰ ਸੁਰਗ ਬਨਾਣ ਦੇ
ਤੇਰੇ ਕਲਪ-ਬਿਰਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ
ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ਼ ਲਗਾਣ ਦੇ
ਧ੍ਰਿੱਗ ਉਸ ਬੰਦੇ ਨੂੰ, ਜੋ ਖ਼ਾਹਸ਼ ਕਰੇ ਉਸ ਜੰਨਤ ਦੀ
ਜਿੱਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ
ਮਾਲਾ ਫੇਰੇਂ, ਉੱਚੀ ਕੂਕੇਂ, ਨਜ਼ਰਾਂ ਹੂਰਾਂ ‘ਤੇ
ਤੈਨੂੰ ਆਉਂਦੇ ਨੇ ਢੰਗ ਅੱਲਾਹ ਨੂੰ ਭਰਮਾਣ ਦੇ
ਪਰੀਆਂ ਸੁਰਗ ਦੀਆਂ ਦੀ ਝਾਕ ਤੁਸਾਂ ਨੂੰ ਸੰਤ ਜੀ !
ਮੇਰੀ ਇਕ ਸਲੋਨੀ, ਉਹਦੀਆਂ ਰੀਝਾਂ ਲਾਹਣ ਦੇ
ਤੇਰੇ ਠਾਕਰ ਨੂੰ ਵੀ ਭੋਗ ਲੁਆ ਲਊਂ ਪੰਡਤ ਜੀ !
ਰੋਂਦੇ ਦੁਖੀਏ ਦਾ ਤਾਂ ਪਹਿਲਾਂ ਮੂੰਹ ਜੁਠਾਣ ਦੇ
ਵਿਹਲਾ ਹੋ ਕੇ ਬਾਬਾ ! ਮਾਲਾ ਵੀ ਮੈਂ ਫੇਰ ਲਊਂ
ਸਭ ਨੇ ਖਾਣਾ ਜਿੱਥੋਂ, ਪੈਲੀ ਨੂੰ ਸੀ ਲਾਣ ਦੇ
ਕਰ ਲਊਂ ਪੂਜਾ ਤੇਰੇ ਅਰਸ਼ੀਂ ਵੱਸਣ ਵਾਲੇ ਦੀ
ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ
‘ਸੀਤਲ’ ਚੰਗਾ ਬਣ ਇਨਸਾਨ, ਜੋ ਤੇਰਾ ਧਰਮ ਹੈ
ਕਾਹਨੂੰ ਫਿਰਦੈਂ ਪਿੱਛੇ ਪੰਡਤ ਦੇ ਭਗਵਾਨ ਦੇ
ਭਾਈ ਰਣਜੀਤ ਸਿੰਘ ਜੀ
( ਸੋਹਣ ਸਿੰਘ ਸੀਤਲ )