ਨਾਰੀਅਲ ਵਿੱਚ ਕਿੰਨਾਂ ਪਾਣੀ ਹੁੰਦਾ
ਫਿਰ ਵੀ ਉਹ ਪਿੱਲਾ ਨਈਂ,,,
ਗੰਨੇ ਵਿੱਚ ਕਿੰਨਾ ਰਸ ਸਮੋਇਆ
ਫਿਰ ਵੀ ਉਹ ਗਿੱਲਾ ਨਈਂ,,
ਸੰਤਰਾ ਕਿਵੇਂ ਸਾਂਭੀ ਬੈਠਾ
ਬਾਰਾਂ ਭਾਈਆਂ ਦੀ ਸੌਗਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,,

ਕੌੜਤੂੰਬਾ ਕਿੰਨਾਂ ਕੌੜਾ ਹੁੰਦਾ
ਫਿਰ ਵੀ ਉਹ ਗੰਦਾ ਨੀਂ,,,
ਸਰੋਂ ਦੇ ਦਾਣੇ ਚ ਕਿੰਨਾਂ ਤੇਲ ਹੈ ਹੁੰਦਾ
ਫਿਰ ਵੀ ਉਹ ਥੰਦਾ ਨੀਂ,,
ਸੂਰਜਮੁਖੀ ਨੂੰ ਹਸਦਾ ਤੱਕੀ
ਹੁੰਦੀ ਜਦ ਪ੍ਰਭਾਤ ਓ ਬੰਦਿਆ,,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਦਾ
ਔਕਾਤ ਓ ਬੰਦਿਆ,,

ਚਿੱਕੜ ਦੇ ਵਿੱਚ ਵੇਖੀਂ
ਕਮਲ ਦਾ ਫੁੱਲ ਕਿੰਨਾਂ ਸਾਫ ਹੈ ਹੁੰਦਾ,,
ਰਹਿੰਦਾ ਹਮੇਸਾ ਝੁਕ ਕੇ
ਨਾਲੇ ਅਨਾਰ ਸਭ ਫਲਾਂ ਦਾ ਬਾਪ ਹੈ ਹੁੰਦਾ,,
ਗੁਲਾਬ ਹਮੇਸ਼ਾ ਮਹਿਕਾਂ ਵੰਡੇ
ਨਾਲੇ ਕੰਡਿਆਂ ਵਾਲੀ ਹੈ ਜਾਤ ਓ ਬੰਦਿਆ,,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,

ਪੱਥਰ ਪਾੜ ਕੇ ਪੈਦਾ ਨੇ ਹੁੰਦੇ
ਕਦੇ ਵੇਖੀ ਤੂੰ ਪੇੜ ਅੰਜੀਰਾਂ ਦੇ,,
ਜਾ ਖੇਤੀ ਜਾਕੇ ਗੌਰ ਨਾਲ ਵੇਖੀ
ਕਣਕ ਕਿਵੇਂ ਜੰਮਦੀ ਆ ਵਿੱਚ ਕਸੀਰਾਂ ਦੇ,,
ਖੁਦ ਪਿਸਕੇ ਵੀ ਰੌਣਕ ਤੇ ਮਹਿਕਾਂ ਵੰਡੇ
ਮਹਿੰਦੀ ਸ਼ਗਨਾਂ ਦੀ ਰਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ

ਤੂੰ ਕੁਛ ਵੀ ਕਹਿ “ਬਲਦੇਵ ਸਿਆਂ”
ਅਸਾਂ ਨੇ ਤਾਂ ਇੱਕ ਗੱਲ ਡਿੱਠੀ ਏ,,
ਸਿੰਬਲ ਉੱਚਾ ਹੋਕੇ ਵੀ ਬਕਬਕਾ ਏ
ਤੇ ਗਾਜਰ ਮਿੱਟੀ ਚ ਰਹਿਕੇ ਵੀ ਮਿੱਠੀ ਏ,,,
ਹੁਣ ਸਮਝੇ ਜਾ ਨਾਂ ਸਮਝੇ ਤੂੰ
ਇਸ ਤੋਂ ਅੱਗੇ ਨੀਂ ਕੋਈ ਬਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,

✍ਬਲਦੇਵ ਸਿੰਘ


Related Posts

Leave a Reply

Your email address will not be published. Required fields are marked *