ਮਃ ੧ ॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥ {ਅੰਗ ੯੫੩}
ਅਰਥ: ਨਾਨਕ ਆਖਦਾ ਹੈ– ਹੇ ਮਨ! ਸੱਚੀ ਸਿੱਖਿਆ ਸੁਣ, (ਤੇਰੇ ਕੀਤੇ ਅਮਲਾਂ ਦੇ ਲੇਖੇ ਵਾਲੀ) ਕਿਤਾਬ ਕੱਢ ਕੇ ਬੈਠਾ ਹੋਇਆ ਰੱਬ (ਤੈਥੋਂ) ਹਿਸਾਬ ਪੁੱਛੇਗਾ।
ਜਿਨ੍ਹਾਂ ਜਿਨ੍ਹਾਂ ਵਲ ਲੇਖੇ ਦੀ ਬਾਕੀ ਰਹਿ ਜਾਂਦੀ ਹੈ ਉਹਨਾਂ ਉਹਨਾਂ ਮਨਮੁਖਾਂ ਨੂੰ ਸੱਦੇ ਪੈਣਗੇ, ਮੌਤ ਦਾ ਫ਼ਰਿਸ਼ਤਾ (ਕੀਤੇ ਕਰਮਾਂ ਅਨੁਸਾਰ ਦੁੱਖ ਦੇਣ ਲਈ ਸਿਰ ਤੇ) ਆ ਤਿਆਰ ਖੜਾ ਹੋਵੇਗਾ। ਉਸ ਔਕੜ ਵਿਚ ਫਸੀ ਹੋਈ ਜਿੰਦ ਨੂੰ (ਉਸ ਵੇਲੇ) ਕੁਝ ਅਹੁੜਦਾ ਨਹੀਂ।
ਹੇ ਨਾਨਕ! ਕੂੜ ਦੇ ਵਪਾਰੀ ਹਾਰ ਕੇ ਜਾਂਦੇ ਹਨ, ਸੱਚ ਦਾ ਸਉਦਾ ਕੀਤਿਆਂ ਹੀ ਅੰਤ ਨੂੰ ਰਹਿ ਆਉਂਦੀ ਹੈ।੨॥