ਉਠ ਮਰਦਾਨਿਆਂ ਤੂੰ ਚੁਕ ਲੈ ਰਬਾਬ ਭਾਈ,
ਵੇਖੀਏ ਇਕੇਰਾਂ ਫੇਰ ਰੰਗ ਸੰਸਾਰ ਦੇ ।
ਪੈ ਰਹੀ ਆਵਾਜ਼ ਕੰਨੀਂ ਮੇਰੇ ਹੈ ਦਰਦ ਵਾਲੀ,
ਆ ਰਹੇ ਸੁਨੇਹੜੇ ਨੀ ਡਾਢੇ ਹਾਹਾਕਾਰ ਦੇ ।
ਜੰਗਲਾਂ ਪਹਾੜਾਂ ਵਿਚ ਵਸਤੀਆਂ ਉਜਾੜਾਂ ਵਿਚ,
ਪੈਣ ਪਏ ਵੈਣ ਵਾਂਙੂੰ ਡਾਢੇ ਦੁਖਿਆਰ ਦੇ ।
ਚੱਲ ਇਕ ਵੇਰ ਫੇਰਾ ਪਾਵੀਏ ਵਤਨ ਵਿਚ,
ਛੇਤੀ ਹੋ ਵਿਖਾਈਏ ਤੈਨੂੰ ਰੰਗ ਕਰਤਾਰ ਦੇ ।
ਵੇਖ ਤੂੰ ਪੰਜਾਬ ਵਿਚ ਲਹੂ ਦੇ ਤਾਲਾਬ ਭਰੇ,
ਹਸਦੇ ਨੇ ਕੋਈ, ਕੋਈ ਰੋ ਰੋ ਕੇ ਪੁਕਾਰਦੇ ।
ਕਰਦੇ ਸਲਾਮਾਂ ਕਈ ਰਿੜ੍ਹਦੇ ਨੇ ਢਿਡਾਂ ਭਾਰ,
ਵੇਖਦੇ ਤਮਾਸ਼ਾ ਕਈ ਗੋਲੇ ਸਰਕਾਰ ਦੇ ।
ਤਾੜ ਤਾੜ ਗੋਲੀਆਂ ਚਲਾਂਵਦੇ ਬਿਦੋਸਿਆਂ ਤੇ,
ਬੰਦਿਆਂ ਦੇ ਉਤੇ ਢੰਗ ਸਿਖਦੇ ਸ਼ਿਕਾਰ ਦੇ ।
ਲਖ ਲਖ ਮਿਲਦੇ ਇਨਾਮ ਪਏ ਸ਼ਿਕਾਰੀਆਂ ਨੂੰ,
ਪਸ਼ੂਆਂ ਦੇ ਵਾਂਗ ਜਿਹੜੇ ਬੱਚੇ ਬੁਢੇ ਮਾਰਦੇ ।
ਅਸਾਂ ਨਹੀਉਂ ਲੈਣੀਆਂ ਵਧਾਈਆਂ ਅਜ ਕਿਸੇ ਪਾਸੋਂ,
ਅਜ ਮੇਰੇ ਸੀਨੇ ਵਿਚ ਫਟ ਨੀ ਕਟਾਰ ਦੇ ।
ਜਦੋਂ ਤੀਕ ਹੋਂਵਦੀ ਖਲਾਸ ਨਹੀਂਓਂ ਬੰਦੀਆਂ ਦੀ,
ਜਦੋਂ ਤੀਕ ਦੁਖੀ ਲਖਾਂ ਦਬੇ ਹੇਠਾਂ ਭਾਰ ਦੇ ।
ਜਦੋਂ ਤੀਕ ਤੋਪਾਂ ਤੇ ਮਸ਼ੀਨਾਂ ਦਾ ਹੈ ਰਾਜ ਇਥੇ,
ਸਚ ਦੇ ਨੀ ਚੰਨ ਦਬੇ ਹੇਠਾਂ ਅੰਧਕਾਰ ਦੇ ।
ਓਦੋਂ ਤੀਕ ਚੈਨ ਨਹੀਂ ਮੈਨੂੰ ਮਰਦਾਨਿਆਂ ਵੇ,
ਸੋਚਾਂ, ਇਹ ਕੀ ਵਰਤ ਰਹੇ ਰੰਗ ਕਰਤਾਰ ਦੇ ।
ਵੇਖਿਆ ਤਮਾਸ਼ਾ ਮਰਦਾਨਿਆ ਈ ਕਦੀ ਤੁਧ ?
ਸੈਰ ਮੇਰੇ ਨਾਲ ਕੀਤੇ ਸਾਰੇ ਸੰਸਾਰ ਦੇ ।
ਅਗ ਲੈਣ ਆਈ ਤੇ ਸੁਆਣੀ ਬਣੀ ਸਾਂਭ ਘਰ,
ਘੂਰ ਘੂਰ ਹੁਕਮ ਮਨਾਵੇ ਹੰਕਾਰ ਦੇ ।
ਖਾਵੋ ਪੀਵੋ ਬੋਲੋ ਚਾਲੋ ਆਵੋ ਜਾਵੋ ਪੁਛ ਪੁਛ,
ਹੁਕਮ ਪਏ ਚਲਦੇ ਨੇ ਡਾਢੀ ਸਰਕਾਰ ਦੇ ।
ਸਚ ਦੇ ਪਿਆਰੇ ਕਈ ਤਾੜੇ ਬੰਦੀਖਾਨੇ ਵਿਚ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਇਕ ਪਾਸੇ ਤੋਪ ਤੇ ਮਸ਼ੀਨਾਂ, ਬੰਬ, ਜੇਹਲ, ਫਾਂਸੀ,
ਕਹਿੰਦੇ, ਕੌਣ ਆ ਕੇ ਸਾਡੇ ਸਾਹਵੇਂ ਦਮ ਮਾਰਦੇ ।
‘ਸਚ’ ਤੇ ‘ਨਿਆਇ’ ਝੰਡਾ ਪਕੜ ਕੇ ਆਜ਼ਾਦੀ ਵਾਲਾ,
ਦੂਜੇ ਪਾਸੇ ਵਤਨ ਦੇ ਸੂਰਮੇ ਵੰਗਾਰਦੇ ।
ਸੂਰਜ ਆਜ਼ਾਦੀ ਵਾਲਾ ਬਦਲਾਂ ਨੇ ਘੇਰ ਲਿਆ,
ਕਾਲੇ ਕਾਲੇ ਘਨੀਅਰ ਸ਼ੂੰਕਦੇ ਫੂੰਕਾਰਦੇ !
ਮਾਰ ਲਿਸ਼ਕਾਰੇ ਪਰ ਸੂਰਜ ਅਕਾਸ਼ ਚੜ੍ਹੇ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਵੇਖ ਤਲਵੰਡੀ ਵਿਚ ਭੰਡੀਆਂ ਨੀ ਮਚ ਰਹੀਆਂ,
ਰੰਡੀਆਂ ਦੇ ਨਾਚ ਹੁੰਦੇ ਵਿਚ ਦਰਬਾਰ ਦੇ ।
ਉਠ ਗਈਆਂ ਸਫ਼ਾਂ ਮਰਦਾਨਿਆਂ ਅਸਾਡੀਆਂ ਓ,
ਕੌਣ ਆ ਕੇ ਕਹੇ ਅਜ ਹਾਲ ਦਿਲਦਾਰ ਦੇ ।
ਜਿਥੇ ਸਚੇ ਸੌਦਿਆਂ ਦੇ ਕੀਤੇ ਸਤਸੰਗ ਅਸਾਂ,
ਜਿਥੇ ਦਿਨ ਕਟੇ ਅਸਾਂ ਨਾਲ ਰਾਇ ਬੁਲਾਰ ਦੇ ।
ਓਥੇ ਅਜ ਲਗੀਆਂ ਦੁਕਾਨਾਂ ਦੁਰਾਚਾਰ ਦੀਆਂ,
ਵੇਖ ਮਰਦਾਨਿਆਂ ਏ ਰੰਗ ਕਰਤਾਰ ਦੇ ।
ਦਸ ਕਿਹੜੀ ਥਾਂਇ ਪਹਿਲਾਂ ਚਲੀਏ ਪਿਆਰਿਆ ਵੇ,
ਆਂਵਦੇ ਸੰਦੇਸੇ ਸਭ ਪਾਸੋਂ ਵਾਂਗ ਤਾਰ ਦੇ ।
ਚਲੀਏ ਹਜ਼ਾਰੀ ਬਾਗ਼ ਬੀਰ ਰਣਧੀਰ ਪਾਸ,
ਚਕੀਆਂ ਪਿਹਾਈਏ ਕੋਲ ਬੈਠ ਸੋਹਣੇ ਯਾਰ ਦੇ ।
ਚੰਦਨ ਦੇ ਬੂਟੇ ਨੇ ਮਹਿਕਾਈ ਹੈ ਸੁਗੰਧ ਜਿਥੇ,
ਸੁੰਘ ਲਈਏ ਭੌਰ ਬਣ ਫੁਲ ਗੁਲਜ਼ਾਰ ਦੇ ।
ਅਜ ਇਹ ਹਜ਼ਾਰੀ ਬਾਗ਼ ਲੱਖੀ ਤੇ ਕਰੋੜੀ ਬਾਗ਼,
ਸਾਂਈਂ ਦੇ ਪਿਆਰੇ ਇਹ ਤੋਂ ਤਨ ਮਨ ਵਾਰਦੇ ।
ਫੇਰ ਅੰਡੇਮਾਨ ਫੇਰਾ ਪਾਵੀਏ ਪਿਆਰਿਆ ਵੇ,
ਦੇਸ਼ ਦੇ ਪਿਆਰੇ ਜਿਥੇ ਦੁਖੜੇ ਸਹਾਰਦੇ ।
ਪਿੰਜਰੇ ਦੇ ਵਿਚ ਕੋਈ ਪੁਛਦਾ ਨਾ ਬਾਤ ਜਿਥੇ,
ਜਪ ਕੇ ਆਜ਼ਾਦੀ ‘ਨਾਮ’ ਸਮੇਂ ਨੂੰ ਗੁਜ਼ਾਰਦੇ ।
ਛਾਤੀ ਲਾ ਕੇ ਸਾਰਿਆਂ ਪਿਆਰਿਆਂ ਨੂੰ ਇਕ ਵੇਰ,
ਫੇਰ ਜਾ ਜਗਾਈਏ ਸੁੱਤੇ ਹੋਏ ਸ਼ੇਰ ਬਾਰ ਦੇ ।
ਖੁਲ੍ਹ ਗਈ ਅੱਖ ‘ਸ਼ੇਰਾ ਉਠ’ ਦੀ ਆਵਾਜ਼ ਸੁਣ,
ਸੁਪਨੇ ਵਿਖਾਏ ਡਾਢੇ ਰੰਗ ਕਰਤਾਰ ਦੇ ।


Related Posts

Leave a Reply

Your email address will not be published. Required fields are marked *