ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ।ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ।ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ।
ਇਸੇ ਤਰ੍ਹਾਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ।ਕੱਚੇ ਮਨੁੱਖ ਦਾ ਜੀਵਨ ਕੋਈ ਬਹੁਤੁ ਉੱਚਾ ਨਹੀਂ ਹੁੰਦਾ।ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰ੍ਹਾਂ ਹੈ,ਜਿਸ ਵਿਚ ਅੰਮ੍ਰਿਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ।
ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ।ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ।ਪੁਖ਼ਤਾ ਮਿਜ਼ਾਜ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ।ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ,ਜਿਨ੍ਹਾਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ।ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ।ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :-
” ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
“ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ ”
{ਸਲੋਕ ਡਖਣੇ ਮ: ੫,ਅੰਗ ੧੧੦੨}
ਅਕਸਰ ਕੱਚੇ ਵੈਰਾਗੀ ਪ੍ਰਭੂ-ਮਾਰਗ ਤੋਂ ਥਿੜਕ ਜਾਂਦੇ ਹਨ :-
“ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨਾ ਕਾਰਿ ਨ ਆਈ॥”
{ਸਲੋਕ ਮ: ੫,ਅੰਗ ੧੪੨੪}
ਤੂਫ਼ਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ,ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜਿਆਂ ਨੇ ਦਾਗ਼ੀ ਨਾ ਕੀਤਾ ਹੋਵੇ,ਓਹੀ ਫਲ ਪੱਕ ਕੇ ਰਸਦਾਇਕ ਬਣਦਾ ਹੈ।
ਜਿਹੜਾ ਮਨੁੱਖ ਵਾਸ਼ਨਾ ਦੇ ਝੱਖੜ ਵਿਚ ਅਡੋਲ ਰਵੵੇ,ਕੁਸੰਗਤ ਤੋਂ ਦਾਗ਼ੀ ਤੇ ਡਾਲੀ ਤੋਂ ਟੁੱਟਿਆ ਨਾ ਹੋਵੇ,ਦੁੱਖਾਂ ਦੇ ਗੜੇ ਪੈਣ ਤੇ ਝੜਿਆ ਨਾ ਹੋਵੇ,ਓਹੀ ਮਨੁੱਖ ਪ੍ਰਭੂ-ਦ੍ਰਿਸ਼ਟੀ ਵਿਚ ਕਬੂਲ ਹੁੰਦਾ ਹੈ :-
“ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ॥
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥”
{ਸਲੋਕ ਕਬੀਰ,ਅੰਗ ੧੩੭੧}
ਤਪ ਦੀ ਅਗਨ ਨਾਲ ਜਦ ਜੀਵਨ ਪੱਕਦਾ ਹੈ ਤਾਂ ਅੰਮ੍ਰਿਤ ਨਾਲ ਭਰ ਜਾਂਦਾ ਹੈ।ਫਿਰ ਅੈਸਾ ਮਨੁੱਖ ਰਸ ਮਾਣਦਾ ਹੈ,ਰਸ ਵੰਡਦਾ ਹੈ ਔਰ ਉਹ ਰਸ ਦਾ ਸੋਮਾ ਬਣ ਜਾਂਦਾ ਹੈ।
ਗਿ: ਸੰਤ ਸਿੰਘ ਜੀ ਮਸਕੀਨ।