ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਂਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ।।
(ਫ਼ਰੀਦ ਜੀ/1383)
ਇਨਸਾਨ ਸੰਤਾਂ ਮਹਾਂਪੁਰਸ਼ਾਂ ਦੇ ਵਚਨਾਂ ਨੂੰ ਸੁਣਦਾ ਵੀ ਹੈ, ਪੜਦਾ ਵੀ ਹੈ,ਪਰ ਉਹਨਾਂ ਉਪਰ ਵਿਚਾਰ ਨਹੀਂ ਕਰਦਾ। ਇਸਦੀ ਹਾਲਤ ਬਗਲੇ ਵਰਗੀ ਹੈ, ਜਿਹੜਾ ਦਰਿਆ ਦੇ ਕਿਨਾਰੇ ਬੈਠਾ ਮੱਛੀ ਨੂੰ ਫੜ ਕੇ ਉਪੱਰ ਵੱਲ ਸੁੱਟਦਾ ਹੈ । ਇਸ ਤਰ੍ਹਾਂ ਇਹ ਮੱਛੀ ਦੇ ਨਾਲ ਕਲੋਲਾਂ ਕਰਦਾ ਹੈ। ਦੁਨੀਆ ਦੀ ਉਸਨੂੰ ਕੋਈ ਖ਼ਬਰ ਨਹੀਂ ਹੁੰਦੀ। ਅਚਾਨਕ ਇੱਕ ਬਾਜ਼ ਉਸ ਉਪੱਰ ਝਪਟ ਮਾਰਦਾ ਹੈ ਅਤੇ ਉਸ ਬਗਲੇ ਦੇ ਨਾਲ ਓਹ ਘਟਨਾ ਵਾਪਰ ਜਾਂਦੀ ਹੈਂ ਜਿਹੜੀ ਉਸਨੇ ਕਦੇ ਸੋਚੀ ਵੀ ਨਹੀਂ ਸੀ। ……….. ਇਹੀ ਹਾਲਤ ਇਨਸਾਨ ਦੀ ਹੈ ਉਹ ਵੀ ਮੋਹ ਮਾਇਆ ਦੇ ਦਰਿਆ ਦੇ ਵਿੱਚ ਬਗਲੇ ਦੀ ਤਰ੍ਹਾਂ ਮਸਤ ਹੈ।ਪਰ ਜਿਸ ਸਮੇਂ ਜਮ ਇਸਨੂੰ ਲੈਣ ਵਾਸਤੇ ਆ ਜਾਂਦਾ ਹੈ ਉਸ ਵੇਲੇ ਇਸ ਨੂੰ ਪਤਾ ਲੱਗਦਾ ਹੈ ਕਿ ਆਪਣਾ ਮਨੁੱਖਾ ਜੀਵਨ ਜੋ ਕਿ ਬਹੁਤ ਹੀ ਕੀਮਤੀ ਸੀ ਉਸਨੂੰ ਵਿਅਰਥ ਗੁਆ ਕੇ ਜਾ ਰਿਹਾ ਹਾਂ।