ਸੰਤ ਮਸਕੀਨ ਜੀ ਵਿਚਾਰ – ਸਰਬ ਰੋਗ ਕਾ ਆਉਖਦੁ ਨਾਮੁ॥
ਪ੍ਰਚੀਨ ਜ਼ਮਾਨੇ ਅੰਦਰ ਰੋਗਾਂ ਦਾ ਇਲਾਜ਼ ਮੰਤਰਾਂ ਦੇ ਰਾਹੀਂ ਵੀ ਹੁੰਦਾ ਸੀ। ਅਜੇ ਵੀ ਕੁਝ ਥਾਵਾਂ ‘ਤੇ ਇਸ ਤਰ੍ਹਾਂ ਇਲਾਜ਼ ਕਰਦੇ ਨੇ। ਮੈਨੂੰ ਆਪਣੀ ਇਕ ਘਟਨਾ ਯਾਦ ਆ ਰਹੀ ਏ ਜੰਮੂ ਦੀ। ਦਾਸ ਸਾਲ ਦੇ ਸਾਲ ਜਾਂਦਾ ਹੁੰਦਾ ਸੀ, ਛੇਵੇਂ ਪਤਿਸ਼ਾਹ ਦੇ ਪੁਰਬ ਤੇ। ਉਥੇ ਮੇਰੀ ਦਾੜੵ ਦੁਖਣ ਲੱਗ ਪਈ ਤੇ ਛੇਵੇਂ ਪਾਤਿਸ਼ਾਹ ਦਾ ਪੁਰਬ ਨੇੜੇ, ਦੋ ਦਿਨ ਬਾਅਦ। ਦਿਨ ਭਰ ਦਾੜੵ ਦੁਖਦੀ ਰਹੀ। ਥੱਲੇ ਗੁਰਦੁਆਰੇ ਦੀ ਮਾਰਕਿਟ ਬਣੀ ਹੋਈ ਏ, ਦੁਕਾਨਾਂ ਨੇ। ਓੁਥੇ ਨਵੀਆਂ ਜੁੱਤੀਆਂ ਬਣਾਉਣ ਵਾਲਾ ਇਕ ਮੋਚੀ ਏ, ਔਰ ਉਹ ਮੰਤਰਾਂ ਦੇ ਰਾਹੀਂ ਇਲਾਜ਼ ਵੀ ਕਰਦਾ ਸੀ, ਮੈਂ ਦੇਖਦਾ ਹੁੰਦਾ ਸੀ, ਕੁਝ ਨਾ ਕੁਝ ਰੋਗੀ ਉਸ ਕੋਲ ਆਉਂਦੇ ਰਹਿੰਦੇ ਸਨ।ਉਹ ਉੱਪਰ ਮੇਰੇ ਕਮਰੇ ‘ਚ ਆ ਗਿਆ ਤੇ ਮੈਨੂੰ ਕਹਿਣ ਲੱਗਾ,
“ਮਸਕੀਨ ਜੀ! ਸੁਣਿਐ ਤੁਹਾਡੀ ਦਾੜੵ ਦੁੱਖਦੀ ਐ।”
“ਮੈਂ ਕਿਹਾ,”ਹਾਂ ਬਹੁਤ ਦੁਖਦੀ ਏ। ਹੁਣ ਵੀ ਦੁਖ ਰਹੀ ਐ।”
ਮੈਂ ਕਿਹਾ “ਮੈਂ ਡਾਕਟਰ ਕੌਲ ਮੈਂ ਗਿਆ ਸੀ, ਉਹਨੇ ਕਿਹੈ ਕਢਾਉਣੀ ਪਏਗੀ, ਦੋ ਤਿੰਨ ਦਿਨ ਰੈਸਟ ਕਰਨਾ ਪਏਗਾ ਤੇ ਪ੍ਰਬੰਧਕ ਸਾਰੇ ਪਿਛੇ ਪਏ ਨੇ, ਗੁਰਪੁਰਬ ਤੋਂ ਬਾਅਦ ਕਢਾਉਣਾ, ਸਾਡਾ ਗੁਰਪੁਰਬ ਲੰਘ ਜਾਣ ਦਿਉ। ਸੰਗਤਾਂ ਆਉਣੀਆਂ ਨੇ ਮਯੂਸ ਹੋਣਗੀਆਂ।”
ਪਤੈ ਉਹ ਮੈਨੂੰ ਕਹਿਣ ਲੱਗਾ,”ਜੇ ਮੈਂ ਪੰਜ ਮਿੰਟ ਵਿਚ ਠੀਕ ਕਰ ਦਿਆਂ ਤੇ।”
ਮੈਂ ਕਿਹਾ,”ਮਿੱਤਰਾ! ਫਿਰ ਹੋਰ ਕੀ ਚਾਹੀਦੈ, ਕਰ ਦੇ।”
ਉਹਨੇ ਦਰਵਾਜੇ ਵਿਚ ਇਕ ਕਿੱਲ ਠੋਕੀ ਤੇ ਕੁਝ ਪੜ੍ਹਦਾ ਰਿਹਾ।
ਮੈਨੂੰ ਕਹਿਣ ਲੱਗਾ,”ਮਸਕੀਨ ਜੀ! ਆਰਾਮ ਆਇਆ?”
ਮੈਂ ਕਿਹਾ,” ਨਹੀਂ, ਦਰਦ ਐ, ਉਸੇ ਤਰ੍ਹਾਂ ਈ।”
ਉਹਨੇ ਫਿਰ ਇਕ ਕਿੱਲ ਹੋਰ ਠੋਕੀ, ਕੁਝ ਹੋਰ ਮੰਤਰ ਪੜ੍ਹਦਾ ਰਿਹਾ ਤੇ ਮੰਤਰ ਪੜ੍ਹਨ ਤੋਂ ਬਾਅਦ ਮੈਨੂੰ ਕਹਿਣ ਲੱਗਾ, “ਮਸਕੀਨ ਜੀ! ਹੁਣ ਤੇ ਬਿਲਕੁਲ ਠੀਕ ਹੋ ਗਿਆ ਹੋਵੇਗਾ?”
ਮੈਂ ਕਿਹਾ,”ਨਹੀਂ, ਪਹਿਲੇ ਨਾਲੋਂ ਵੀ ਦਰਦ ਵੱਧ ਗਿਐ, ਪੀੜਾ ਤੇ ਮੇਰੀ ਵੱਧ ਗਈ ਏ।”
ਪਤੈ ਉਸਨੇ ਮੈਨੂੰ ਕੀ ਆਖਿਆ?
“ਗਿਆਨੀ ਜੀ! ਤੁਹਾਡੀ ਸ਼ਰਧਾ ਮੇਰੇ ‘ਤੇ ਨਹੀਂ ਬੱਝਦੀ ਪਈ ਤੇ ਮੇਰਾ ਮੰਤਰ ਕੰਮ ਨਈਂ ਕਰਦਾ ਪਿਆ। ਤੁਸੀਂ ਮੇਰੇ ਤੇ ਸ਼ਰਧਾ ਕਰੋ, ਤੁਸੀਂ ਮੇਰੇ ਤੇ ਭਰੋਸਾ ਕਰੋ।”
ਮੈਂ ਕਿਹਾ,”ਪੁਰਖਾ! ਭਰੋਸਾ ਕਰਨਾ ਇਤਨੀ ਸੌਖੀ ਖੇਡ ਨਹੀ ਐ, ਖ਼ਾਸ ਕਰਕੇ ਤਾਰਕਿਕ ਇਨਸਾਨ ਦੇ ਲਈ। ਅਗਰ ਭਰੋਸਾ ਬੱਝ ਜਾਏ, ਤੋ ਮੰਤਰਾਂ ਵਿਚੋਂ ਸਿਰਮੋਰ ਮੰਤਰ ਹੈ’,ਪਰਮਾਤਮਾ ਦਾ ਨਾਮ, ਸਾਰੇ ਦੁੱਖਾਂ ਨੂੰ ਦੂਰ ਕਰ ਦੇਂਦੈ।”
“ਨਮੋ ਮੰਤ੍ਰ ਮੰਤ੍ਰੰ, ਨਮੋ ਜੰਤ੍ਰ ਜੰਤ੍ਰੰ॥”
{ਜਾਪੁ ਸਾਹਿਬ}
ਕਲਗੀਧਰ ਪਿਤਾ ਕਹਿੰਦੇ ਨੇ, ਹੇ ਪ੍ਰਭੂ! ਤੇਰਾ ਨਾਮ, ਮੰਤਰਾਂ ਵਿਚੋਂ ਸਿਰਮੌਰ ਮੰਤਰ ਹੈ। ਜੰਤਰਾਂ ਵਿਚੋਂ ਸਿਰਮੌਰ ਜੰਤਰ ਹੈ ਔਰ ਐਸਾ ਮੰਤਰ ਹੈ, ਸਾਰੇ ਰੋਗਾਂ ਤੇ ਕੰਮ ਕਰਦੈ।
“ਸਰਬ ਰੋਗ ਕਾ ਆਉਖਦੁ ਨਾਮੁ॥
ਕਲਿਆਣ ਰੂਪ ਮੰਗਲ ਗੁਣ ਗਾਮ॥”
{ਸੁਖਮਨੀ ਸਾਹਿਬ}
ਬਹੁਤ ਉਪਾਉ ਤੂੰ ਕੀਤੇ, ਬੜੇ ਡਾਕਟਰ ਬਦਲੇ, ਹਕੀਮ ਬਦਲੇ, ਵੈਦ ਬਦਲੇ, ਬੜੀਆਂ ਦਵਾਈਆਂ ਬਦਲੀਆਂ, ਸਭ ਕੁਝ ਕੀਤਾ,ਨਹੀ ਹੋਇਆ ਤੂੰ ਠੀਕ?
ਅਗਰ ਹਰੀ ਨਾਮ ਦੀ ਤੂੰ ਆਉਸ਼ਦੀ ਖਾ ਲਵੇਂ, ਰੋਗ ਮਿਟ ਜਾਏਗਾ।
“ਅਨਿਕ ਉਪਾਵੀ ਰੋਗੁ ਨ ਜਾਇ॥
ਰੋਗੁ ਮਿਟੈ ਹਰਿ ਅਉਖਧੁ ਲਾਇ॥”
{ਸੁਖਮਨੀ ਸਾਹਿਬ}
ਬਾਕੀ ਜਿਹੜੀਆਂ ਜੜੀ-ਬੂਟੀਆਂ ਨੇ, ਦਵਾਈਆਂ ਨੇ,ਯਕੀਨ ਜਾਣੋ, ਉਹ ਵੀ ਉਦੋਂ ਈ ਕੰਮ ਕਰਦੀਆਂ ਨੇ, ਜਦ ਪਰਮਾਤਮਾਂ ਦੀ ਰਜ਼ਾ ਨਾਲ ਹੋਵੇ। ਜਿੰਨੇ ਚਿਰ ਤਕ ਪਰਮਾਤਮਾ ਆਪ ਵਿਚੇ ਨਾ ਖੜ੍ਹਾ ਹੋਏ, ਅਉਸ਼ਦੀਆਂ ਕੰਮ ਈ ਨਈਂ ਕਰਦੀਆਂ, ਦਵਾਈਆਂ ਕੰਮ ਨਹੀ ਕਰਦੀਆਂ।
ਗਿਆਨੀ ਸੰਤ ਸਿੰਘ ਜੀ ਮਸਕੀਨ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*