ਸੰਤ ਮਸਕੀਨ ਜੀ ਵਿਚਾਰ – ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?
—
ਚੋਰਾਂ ਨੂੰ ਕੋਣ ਮਾਰਦੇ ਨੇ, ਦੁਸ਼ਟਾਂ ਨੂੰ ਕੌਣ ਮਾਰਦੇ ਨੇ?
ਗੌਰਮੁਤਾਲਾ ਕਰਨਾ, ਦੁਰਾਚਾਰੀ ਨੂੰ ਕੁੱਟਣ ਵਾਲੇ,ਚੋਰ ਨੂੰ ਕੁੱਟਣ ਵਾਲੇ ਅਕਸਰ ਚੋਰ ਹੀ ਹੋਣਗੇ। ਕਿਉਂ ਕੁੱਟਣਗੇ? ਤੂੰ ਕੰਬਖ਼ਤ ਸਫ਼ਲ ਹੋ ਗਿਐ, ਅਸੀਂ ਸਫ਼ਲ ਨਈਂ ਹੋਏ, ਹੁਣ ਤੈਨੂੰ ਮਾਰਕੇ ਅਸੀਂ ਗੁੱਸਾ ਕੱਢਾਂਗੇ, ਹੋਰ ਕੀ ਏ। ਦੋਵੇਂ ਦੁਰਾਚਾਰੀ ਨੇ। ਕਦੀ ਸੰਤ ਨੇ ਕਿਸੇ ਦੁਰਾਚਾਰੀ ਨੂੰ ਨਈਂ ਮਾਰਿਆ, ਉਹਦਾ ਮਨ ਬਦਲ ਦਿੱਤੈ। ਸੰਤ ਦਾ ਤੇ ਕੰਮ ਐ, ਮਨ ਬਦਲਣਾ।
ਮੈਂ ਪੜ੍ਹ ਰਿਹਾ ਸੀ, ਰਿਸ਼ੀ ਵਿਆਸ ਇਕ ਦਿਨ ਗੰਗਾ ਪਾਰ ਕਰਨ ਲਈ ਬੇੜੀ ‘ਚ ਬੈਠੇ। ਪੁਰਾਣੇ ਰਿਸ਼ੀ ਮੁਨੀ ਲੰਬਾ ਦਾੜਾ, ਸਿਰ ਤੇ ਜੂੜਾ, ਜਟਾਵਾਂ, ਨਾਲ ਬੈਠੇ ਹੋਏ ਸਨ ਪੰਜ ਸੱਤ ਨੌਜਵਾਨ, ਤੇ ਉਨ੍ਹਾਂ ਨੂੰ ਮਜ਼ਾਕ ਸੁੱਝੀ, ਉਹਦੇ ਨਾਲ ਮਜ਼ਾਕ ਕਰਨ ਲੱਗ ਪਏ। ਰਿਸ਼ੀ ਚੁੱਪ ਰਿਹਾ।
ਜਦ ਨੌਜਵਾਨਾਂ ਨੇ ਦੇਖਿਆ ਕਿ ਇਹ ਤਾਂ ਬੋਲਦਾ ਈ ਕੋਈ ਨਈ, ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਗੰਗਾ ਦਾ ਠੰਡਾ ਪਾਣੀ, ਸਰਦੀਆਂ ਦੇ ਦਿਨ।
ਅਲਹਾਮ ਹੋਇਆ,
“ਐ ਰਿਸ਼ੀ! ਤੇਰੀ ਬਹੁਤ ਬੇ-ਅਦਬੀ ਹੋਈ। ਪਹਿਲੇ ਤੇ ਤੇਰੇ ਨਾਲ ਗੰਦਾ ਮਜ਼ਾਕ ਕਰਦੇ ਰਹੇ, ਗਾਲੵਾਂ ਕੱਢਦੇ ਰਹੇ, ਮੈਂ ਸਹਾਰਦਾ ਰਿਹਾ, ਔਰ ਹੁਣ ਹੱਦ ਹੋ ਗਈ, ਠੰਡ, ਤੇ ਠੰਡਾ ਪਾਣੀ ਤੇਰੇ ਤੇ ਪਾਉਣਾ ਸ਼ੁਰੂ ਕਰ ਦਿੱਤੈ ਇਹਨਾਂ ਨੇ। ਜੇ ਤੂੰ ਆਖੇਂ, ਤੇ ਮੈਂ ਇਹ ਕਿਸ਼ਤੀ ਉਲਟਾ ਦਿਆਂ।”
ਵਿਆਸ ਹੱਥ ਜੋੜ ਕੇ ਪ੍ਰਾਰਥਨਾ ਕਰਦੈ,
“ਹੇ ਪ੍ਰਭੂ! ਅੱਜ ਇਹ ਦੁਸ਼ਮਨਾਂ ਵਾਲੀ ਗੱਲ ਕਿਉੰ ? ਜੇ ਪਲਟਾਉਣਾ ਈ ਐ ਤਾਂ ਇਨ੍ਹਾਂ ਦੀ ਅਕਲ ਪਲਟਾ ਦੇ, ਕਿਸ਼ਤੀ ਪਲਟਾਉਣ ਦਾ ਕੀ ਮਤਲਬ, ਇਨ੍ਹਾਂ ਦੀ ਸੋਚਣੀ ਪਲਟਾ ਦੇ।ਕਿਸ਼ਤੀ ਗ਼ਰਕ ਹੋ ਜਾਏ, ਪਲਟ ਜਾਏ, ਇਹ ਡੁੱਬ ਜਾਣ, ਇਹ ਮੈਂ ਨਈਂ ਚਾਹੁੰਦਾ। ਇਨ੍ਹਾਂ ਦੀ ਅਕਲ ਪਲਟ ਜਾਏ, ਇਹ ਸੰਤ ਬਣ ਜਾਣ, ਮੈਂ ਇਹ ਚਾਹੁੰਨਾ।”
ਕਦੀ ਸੰਤ ਨੇ ਦੁਸ਼ਟਾਂ ਨੂੰ ਨਈਂ ਮਾਰਿਆ, ਕਦੀ ਸੰਤ ਨੇ ਚੋਰਾਂ ਨੂੰ ਨਈਂ ਮਾਰਿਆ। ਚੋਰਾਂ ਨੇ ਈ ਚੋਰਾਂ ਨੂੰ ਮਾਰਿਐ, ਦੁਸ਼ਟ ਈ ਦੁਸ਼ਟਾਂ ਨੂੰ ਮਾਰਦੇ ਨੇ। ਫਰਕ ਸਿਰਫ਼ ਇਤਨੇੈ,ਇਕ ਚੋਰੀ ‘ਚ ਸਫ਼ਲ ਹੋ ਗਿਐ, ਇਕ ਅਸਫ਼ਲ।
ਗਿਆਨੀ ਸੰਤ ਸਿੰਘ ਜੀ ਮਸਕੀਨ