ਸੰਤ ਮਸਕੀਨ ਜੀ ਵਿਚਾਰ – ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਇਕ ਪੱਛਮੀ ਵਿਦਵਾਨ ਦਾ ਕਹਿਣਾ ਹੈ, “ਮਿੱਤਰਾਂ ਵਿਚ ਜੀਉਣਾ ਸਵਰਗ ਵਿਚ ਜੀਉਣਾ ਹੈ, ਅਤੇ ਦੁਸ਼ਮਨਾਂ ਵਿਚ ਜੀਉਣਾ ਨਰਕ ਵਿਚ ਜੀਉਣਾ ਹੈ।”
ਉਸਨੇ ਇਹ ਸੀਮਤ ਜਿਹੇ ਬੋਲ ਆਖੇ ਹਨ।
ਗੁਰਮਤਿ ਕਹਿੰਦੀ ਹੈ,”ਸਾਰੇ ਸੰਸਾਰ ਨੂੰ ਸੱਜਣ ਬਣਾ ਲੈ।”
ਕਿਸ ਤਰ੍ਹਾਂ ਬਣਾਈਏ ਸਾਰੇ ਸੰਸਾਰ ਨੂੰ ਸੱਜਣ ?
ਪੂਰੇ ਦਾ ਪੂਰਾ ਸੱਜਣ ਤਾਂ ਕਈ ਦਫ਼ਾ ਆਪਣਾ ਪਰਿਵਾਰ ਵੀ ਨਹੀਂ ਬਣਦਾ, ਪੜੋਸੀ ਵੀ ਨਹੀਂ ਬਣਦੇ। ਸਾਰੇ ਸੰਸਾਰ ਨੂੰ ਸੱਜਣ ਬਣਾਈਏ, ਸੀਮਤ ਜਿਹੀ ਜ਼ਿੰਦਗੀ ਤੇ ਅੈਨਾ ਵੱਡਾ ਸੰਸਾਰ, ਕਿਸ ਤਰ੍ਹਾਂ ਮਿੱਤਰ ਬਣਾਈਏ?
ਗੁਰੂ ਸਾਹਿਬ ਸਾਨੂੰ ਜੁਗਤੀ ਦੱਸਦੇ ਹਨ :-
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ॥
ਅੰਗ ੯੫੭
ਜੇ ਤੂੰ ਕਿਧਰੇ ਇਕ ਨੂੰ ਸੱਜਣ ਬਣਾ ਲਵੇਂ ਤਾਂ ਸਾਰੇ ਸੰਸਾਰ ਦੇ ਮਨੁੱਖ ਤੇਰੇ ਸੱਜਣ ਹੀ ਹੋਣਗੇ। ਇਕ ਪ੍ਰਮਾਤਮਾ ਸੱਜਣ ਬਣ ਗਿਆ, ਤਾਂ ਸਾਰੇ ਹੀ ਸੱਜਣ ਬਣ ਗਏ। ਸਭ ਜਗ੍ਹਾ ਸੱਜਣ ਹੀ ਸੱਜਣ ਮਿਲਣਗੇ ਤੇ ਜੇ ਤੂੰ ਇਕ ਨਾਲ ਵੈਰ ਰਖਿਆ ਹੈ, ਪ੍ਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ ਤਾਂ ਹੁਣ ਤੂੰ ਕਿਧਰੇ ਵੀ ਚਲਾ ਜਾ, ਵੈਰੀਆਂ ਦੇ ਹੀ ਦਰਸ਼ਨ ਹੋਣਗੇ। ਦੁਸ਼ਮਨ ਹੀ ਦੁਸ਼ਮਨ ਮਿਲਣਗੇ। ਅੈਸੇ ਲੋਗ ਮਿਲਦੇ ਹਨ ਜਿਹੜੇ ਕਹਿੰਦੇ ਹਨ ਕਿ ਗਲੀਆਂ ਦੇ ਕੱਖ ਵੀ ਮੇਰੇ ਵੈਰੀ ਹਨ। ਸੋ ਇਕ ਗੱਲ ਸਪੱਸ਼ਟ ਹੋ ਗਈ ਕਿ ਇਸਨੇ ਅਜੇ ਪ੍ਰਮਾਤਮਾ ਨੂੰ ਸੱਜਣ ਨਹੀਂ ਬਣਾਇਆ ਤੇ ਜਿਹੜੇ ਪ੍ਰਮਾਤਮਾ ਨੂੰ ਸੱਜਣ ਬਣਾ ਲੈਂਦੇ ਹਨ, ਉਨ੍ਹਾਂ ਦੀ ਮਨੋ ਬਿਰਤੀ ਫਿਰ ਇਹ ਹੋ ਜਾਂਦੀ ਹੈ :-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
ਅੰਗ ੬੭੧
ਤਾਂ ਪ੍ਰਮਾਤਮਾ ਨੂੰ ਸੱਜਣ ਕਿਵੇਂ ਬਣਾਈਏ ?
ਪ੍ਰਮਾਤਮਾ ਨੂੰ ਸੱਜਣ ਬਣਾਉਣ ਦਾ ਇਕ ਤਰੀਕਾ ਹੈ, ਉਸ ਨਾਲ ਜੁੜ ਜਾਉ। ਸਾਰੀ ਦੁਨੀਆਂ ਦੇ ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾਂ ਨਾਲ ਜੁੜਨ ਦਾ ਇਕ ਹੀ ਤਰੀਕਾ ਦੱਸਿਆ ਹੈ, ਉਸ ਨੂੰ ਚੇਤੇ ਕਰਨਾ, ਯਾਦ ਕਰਨਾ, ਉਸ ਦਾ ਸਿਮਰਨ ਕਰਨਾ, ਜਪੁ ਕਰਨਾ, ਪ੍ਰਭੂ ਦੇ ਗੁਣ ਗਾਉਣੇ।ਪਰਮਾਤਮਾ ਦੇ ਗੁਣ ਗਾਉਂਦਿਆਂ-ਗਾਉਂਦਿਆਂ ਅੈਸੇ ਮਨੁੱਖ ਦਾ ਸਾਰੇ ਸੰਸਾਰ ਨਾਲ ਭਾਈਚਾਰਾ ਹੋ ਜਾਂਦਾ ਹੈ ਅਤੇ ਸਵਰਗ ਦਾ ਜਨਮ ਹੋ ਜਾਂਦਾ ਹੈ। ਹਰੇਕ ਵਿਚ ਗੁਣ ਦਿਖਾਈ ਦੇਣ ਲੱਗ ਪੈਂਦੇ ਹਨ, ਸਾਰੇ ਪਿਆਰੇ ਲੱਗਣ ਲੱਗ ਪੈਂਦੇ ਹਨ। ਇਹ ਠੀਕ ਹੈ ਕਿ ਹਰ ਮਨੁੱਖ ਕੋਲ ਕੁਝ ਗੁਣ ਅੌਗੁਣ ਹੁੰਦੇ ਹਨ। ਪ੍ਰਭੂ ਨੂੰ ਸੱਜਣ ਬਣਾ ਲੈਣ ਨਾਲ, ਉਸ ਦੇ ਗੁਣ ਗਾਉਣ ਨਾਲ ਮਨੁੱਖ ਨੂੰ ਫਿਰ ਹਰ ਇਕ ਵਿਚ ਗੁਣ ਹੀ ਦਿਖਾਈ ਦਿੰਦੇ ਹਨ, ਅੌਗੁਣ ਨਹੀਂ। ਅਜਿਹੇ ਮਨੁੱਖ ਨੂੰ ਫਿਰ ਔਗੁਣ ਆਪਣੇ ਵਿਚ ਦਿਖਾਈ ਦਿੰਦੇ ਹਨ :-
ਹਮ ਨਹੀ ਚੰਗੇ ਬੁਰਾ ਨਹੀ ਕੋਇ॥
ਅੰਗ ੭੨੮
ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ