ਕੜਾਹ ਪ੍ਰਸ਼ਾਦ….
ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰ ਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਂਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਆਣਿ ਮਹਾ ਪਰਸਾਦ ਵੰਡਿ ਖਵਾਇਆ।
(ਵਾਰ ਕ. ਪਉੜੀ 10)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿਤੀ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਇਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇਹ (ਸਰੀਰ) ਦਾ ਸਸਕਾਰ ਕਰ ਕੇ ਮੁੜੋ ਤਾਂ ਕੜਾਹ-ਪ੍ਰਸ਼ਾਦ ਵਰਤਾ ਦੇਣਾ।
ਇਸ ਦਾ ਬਹੁਤ ਡੂੰਘਾ ਭਾਵ ਹੈ, ਸਿੱਖ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਹੈ। ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿਚ ਇਸ ਤਰ੍ਹਾਂ ਲਿਖੀ ਹੈ:
ਕੜਾਹ ਕਰਨ ਕੀ ਬਿਧਿ ਸੁਨ ਲੀਜੈ।
ਤੀਨ ਭਾਗ ਕੋ ਸਮਸਰ ਕੀਜੈ।
ਲੇਪਨ ਆਗੈ ਬਹੁਕਰ ਦੀਜੈ।
ਮਾਂਜਨ ਕਰ ਭਾਂਜਨ ਧੋਵੀਜੈ।
ਕਰ ਸਨਾਨ ਪਵਿਤ੍ਰ ਹੈ ਬਹੈ।
ਵਾਹਿਗੁਰੂ ਬਿਨ ਅਵਰ ਨ ਕਹੈ।
ਕਰਿ ਤਿਆਰ ਚੋਕੀ ਪਰ ਧਰੈ।
ਚਾਰ ਓਰ ਕੀਰਤਨ ਬਹਿ ਕਰੈ।
ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ
ਸੋਗ।
🙏❤ਸਤਿਨਾਮ ਸ੍ਰੀ ਵਾਹਿਗੁਰੂ ਜੀ ❤🙏
❤🙏ਵਾਹਿਗੁਰੂ ਜੀ ਕਾ ਖਾਲਸਾ🙏❤
❤🙏ਵਾਹਿਗੁਰੂ ਜੀ ਕੀ ਫਤਹਿ 🙏❤