ਮੈਂ ਇੰਗਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੁਝ ਦਿਨਾਂ ਤੋਂ ਕਰਮ ਫ਼ਿਲਾਸਫ਼ੀ ‘ਤੇ ਵਿਚਾਰਾਂ ਸੰਗਤਾਂ ਸਾਹਮਣੇ ਰੱਖ ਰਿਹਾ ਸੀ।ਅਗਲੇ ਦਿਨ ਸਵੇਰੇ-ਸਵੇਰੇ ਕੁਝ ਨੌਜੁਆਨ ਮੇਰੇ ਕਮਰੇ ਵਿਚ ਆਏ।ਉਨਾਂ ਦੇ ਨਾਲ ਇਕ ਕੁਝ ਦਿਨਾਂ ਦਾ ਅਪੰਗ ਬੱਚਾ ਵੀ ਸੀ।ਉਹ ਆ ਕੇ ਬੋਲਣ ਲੱਗ ਪਏ-
“ਤੁਹਾਡੀ ਕਰਮ ਫ਼ਿਲਾਸਫ਼ੀ ਗਲਤ ਹੈ,ਝੂਠੀ ਹੈ।ਤੁਸੀਂ ਇਤਨੇ ਦਿਨਾਂ ਤੋਂ ਆਪਣਾ ਅਤੇ ਸੰਗਤਾਂ ਦਾ ਵਕਤ ਬਰਬਾਦ ਕਰ ਰਹੇ ਹੋ।ਦੱਸੋ,ਇਸ ਬੱਚੇ ਨੇ ਕੀ ਗਲਤ ਕਰਮ ਕੀਤਾ ਹੈ,ਜੋ ਜਨਮ ਤੋਂ ਹੀ ਅਪਾਹਜ ਹੈ।ਸਾਰੀ ਜ਼ਿੰਦਗੀ ਇਹ ਆਪ ਵੀ ਦੁਖੀ ਰਹੇਗਾ,ਸਾਨੂੰ ਵੀ ਦੁਖੀ ਕਰੇਗਾ।”
ਉਹ ਬਹੁਤ ਗੁੱਸੇ ਵਿਚ ਬੋਲੀ ਜਾ ਰਹੇ ਸਨ।ਦਰਅਸਲ ਉਹ ਬੱਚੇ ਦੇ ਦੁੱਖ ਕਰਕੇ ਆਪੇ ਤੋਂ ਬਾਹਰ ਸਨ।ਮੈਂ ਉਨਾਂ ਨੂੰ ਸ਼ਾਂਤ ਕੀਤਾ ਤੇ ਕਿਹਾ-
“ਮੈਂਨੂੰ ਵੀ ਕੁਝ ਬੋਲਣ ਦਾ ਮੌਕ ਦਿਉ।”
ਮੈਂ ਉਨਾਂ ਨੂੰ ਕਿਹਾ-
“ਕਰਮ ਇਕ ਬੀਜ ਹੈ ਅਤੇ ਇਸ ਬੀਜ ਨੂੰ ਦੁੱਖ ਸੁੱਖ ਦੇ ਫਲ ਲੱਗਦੇ ਹਨ।ਕਈ ਵਾਰ ਮਨੁੱਖ ਕਹਿ ਦਿੰਦਾ ਹੈ ਕਿ ਮੈਨੂੰ ਇਤਨਾ ਦੁੱਖ ਆ ਗਿਆ ਹੈ,ਮੈਂ ਤਾਂ ਕੋਈ ਬੁਰਾ ਕੰਮ,ਗ਼ਲਤ ਕਰਮ ਨਹੀਂ ਕੀਤਾ,ਮੈਂ ਕਿਸੇ ਦਾ ਬੁਰਾ ਨਹੀਂ ਸੋਚਿਆ,ਫਿਰ ਮੈਨੂੰ ਇਤਨਾ ਦੁੱਖ ਕਿਉਂ ਆ ਗਿਆ।ਦਰਅਸਲ ਬੀਜ ਬੀਜਨ ਤੋਂ ਲੈ ਕੇ ਫਲ ਤੱਕ ਅਪੜਨ ਲਈ ਸਮੇਂ ਦਾ ਗੈਪ ਹੈ,ਅੰਤਰਾਲ ਹੈ।ਧਰਤੀ ਵਿਚ ਬੀਜ ਮੈਂ ਅੱਜ ਬੀਜਿਆ ਹੈ,ਫਲ ਤਾਂ ਅੱਜ ਕੋਈ ਨਹੀਂ,ਕੁਝ ਵਕਤ ਲੱਗੇਗਾ,ਸਮਾਂ ਲੱਗੇਗਾ।ਕੋਈ ਬੀਜ ਬੀਜਣ ਤੋਂ ਬਾਅਦ ਫਲ ਛੇ ਮਹੀਨੇ ਵਿਚ ਦਿੰਦਾ ਹੈ,ਕਈ ਸਾਲ ਬਾਅਦ,ਕੋਈ ਦੋ ਸਾਲ,ਕਈ ਪੰਜ ਸਾਲ ਬਾਅਦ,ਇਥੋਂ ਤੱਕ ਕਿ ਇਮਲੀ ਦਾ ਬੂਟਾ ਪੈਂਤੀ ਸਾਲ ਬਾਅਦ ਫਲ ਦਿੰਦਾ ਹੈ।ਹੂ-ਬ-ਹੂ ਅਸੀਂ ਜੋ ਕਰਮ ਰੂਪੀ ਬੀਜ ਬੀਜਦੇ ਹਾਂ,ਉਸਦਾ ਫਲ ਅੱਜ ਨਹੀਂ ਹੈ।ਸਮੇਂ ਦਾ ਅੰਤਰਾਲ ਹੋਣ ਕਰਕੇ ਸਾਨੂੰ ਇਹ ਯਾਦ ਹੀ ਨਹੀਂ ਹੁੰਦਾ ਕਿ ਇਹ ਬੀਜ ਕਦੋਂ ਬੀਜਿਆ ਸੀ,ਜਿਸ ਨੂੰ ਇਹ ਦੁੱਖ ਦਾ ਫਲ ਲੱਗਿਆ ਹੈ।
ਭਗਤ ਕਬੀਰ ਜੀ ਵੀ ਕਹਿੰਦੇ ਹਨ-
“ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉੁ॥
ਮੈਂ ਕਿਆ ਜਾਨਉੁ ਬਾਬਾ ਰੇ ॥”
{ਅੰਗ ੮੩੦}
ਜੇ ਅਸੀਂ ਅੱਜ ਦੁਖੀ ਹਾਂ ਤਾਂ ਇਹ ਗੱਲ ਪੱਕੀ ਹੈ ਕਿ ਕੋਈ ਕਰਮ ਅਜਿਹਾ ਪਹਿਲਾਂ ਕੀਤਾ ਹੈ,ਜਿਸ ਕਰਕੇ ਅਸੀਂ ਅੱਜ ਦੁਖੀ ਹਾਂ ਅਤੇ ਜੇ ਅਸੀਂ ਅੱਜ ਸੁਖੀ ਹਾਂ ਤਾਂ ਕੋਈ ਕਰਮ ਅਜਿਹੇ ਕੀਤੇ ਹਨ,ਜਿਸਨੂੰ ਇਹ ਫਲ ਲੱਗੇ ਹਨ।
ਮੈਂ ਉਨਾਂ ਨੂੰ ਸਮਝਾਇਆ-
“ਮਨੁੱਖ ਜੀਵਨ ਵਿਚ ਕਰਮ ਰੋਜ਼-ਰੋਜ਼ ਕਰਦਾ ਹੈ,ਪਰ ਮਨੁੱਖ ਦੀ ਉਮਰ ਰੋਜ਼-ਰੋਜ਼ ਘਟਦੀ ਜਾ ਰਹੀ ਹੈ।ਇਕ ਦਿਨ ਮਨੁੱਖ ਦੀ ਮੌਤ ਹੋ ਜਾਂਦੀ ਹੈ,ਪਰ ਜੋ ਅਸੀਂ ਕਰਮ ਅਖ਼ੀਰ ਤੱਕ ਬੀਜਦੇ ਰਹੇ ਹਾਂ,ਉਨਾਂ ਦਾ ਫਲ ਅਸੀਂ ਉਸ ਜੀਵਨ ਵਿਚ ਨਹੀਂ ਖਾ ਸਕੇ।ਉਹ ਫਿਰ ਅਗਲੇ ਜਨਮ ਵਿਚ ਖਾਣ ਨੂੰ ਮਿਲਦੇ ਹਨ।
ਮੈਂ ਉਨਾਂ ਨੂੰ ਕਿਹਾ-
“ਇਹ ਜੋ ਬੱਚਾ ਹੈ,ਜੋ ਅਪੰਗ ਹੀ ਪੈਦਾ ਹੋਇਆ ਹੈ,ਇਹ ਕੋਈ ਪਿਛਲੇ ਜਨਮ ਦਾ ਬੋਇਆ ਹੋਇਆ ਬੀਜ ਹੈ,ਜੋ ਇਸਦੀ ਇਹ ਹਾਲਤ ਹੈ,ਤੇ ਕੋਈ ਤੁਹਾਡੇ ਵੀ ਕਰਮ ਅੈਸੇ ਹੋਣਗੇ ਜਿਸ ਕਰਕੇ ਇਸ ਦੇ ਸੰਬੰਧ ਤੁਹਾਡੇ ਨਾਲ ਜੁੜੇ ਹਨ।”
ਸੋ ਇਹ ਇਕ ਨਿਯਮ ਹੈ ਕਿ ਜੋ ਦੁੱਖ ਹੈ,ਤਾਂ ਕਰਮ ਮਾੜੇ ਕੀਤੇ ਹਨ,ਜੇ ਸੁੱਖ ਹੈ ਤਾਂ ਕਰਮ ਕੁਝ ਚੰਗੇ ਕੀਤੇ ਹਨ।ਇਸ ਵਾਸਤੇ ਕਿਸੇ ਦੂਜੇ ਤੀਜੇ ਨੂੰ ਗੁਰਬਾਣੀ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥”
{ਅੰਗ ੪੩੩}
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )