ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ
ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ ਤਾਂ ਕਣਕ ਨਹੀਂ ਮਿਲਦੀ।ਨਾਮ ਜੱਪਣ ਵਾਲੇ ਅਤੇ ਜਗਤ ਨੂੰ ਨਾਮ ਜੱਪਣ ਦੀ ਪ੍ਰੇਰਣਾ ਦੇਣ ਵਾਲੇ ਅਗਰ ਭਾਵਨਾ ਨਾਲ ਭਰਿਆ ਪਵਿੱਤਰ ਹਿਰਦਾ ਰੱਖਦੇ ਨੇ,ਉਪਜੀਵਕਾ ਤਾਂ ਉਹਨਾਂ ਦੀ ਚੱਲੇਗੀ ਹੀ,ਭੂਸਾ ਤਾਂ ਮਿਲੇਗਾ ਹੀ,ਪਰ ਕਣਕ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ,ਪਰਮਾਤਮ ਰਸ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ।
ਬੰਗਾਲ ਦੇ ਸੰਤ ਹੋਏ ਨੇ ਸਵਾਮੀ ਰਾਮ ਕ੍ਰਿਸ਼ਨ ਜੀ,ਜੋ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਸਨ।੧੮ ਰੁਪਏ ਉਸ ਜਮਾਨੇ ਵਿਚ ਉਹਨਾਂ ਦੀ ਤਨਖਾਹ,ਪਰ ਉਨ੍ਹਾਂ ਨੇ ਕਿਰਤ ਨੂੰ ਮੁੱਦਾ ਨਹੀਂ ਸੀ ਰੱਖਿਆ।
ਜਿਸ ਮੰਦਿਰ ਵਿਚ ਮੁਲਾਜ਼ਮ ਸਨ,ਟ੍ਰਸਟੀਆਂ ਤੱਕ ਖ਼ਬਰ ਪੁੱਜੀ ਕਿ ਇਹ ਕੈਸਾ ਪੁਜਾਰੀ ਰੱਖਿਆ ਹੈ,ਠਾਕਰਾਂ ਨੂੰ ਭੋਗ ਲਗਾਉਣ ਤੋਂ ਪਹਿਲਾਂ ਆਪ ਚੱਖ ਲੈਂਦਾ ਹੈ ਔਰ ਜੋ ਫੁੱਲ ਠਾਕਰਾਂ ਨੂੰ ਦੇਣੇ ਹੁੰਦੇ ਹਨ,ਇਕ ਫੁੱਲ ਕੱਢ ਕੇ ਸੁੰਘ ਲੈਂਦਾ ਹੈ ਤੇ ਫਿਰ ਭੇਟ ਕਰਦਾ ਹੈ।
ਮੰਦਿਰ ਦੇ ਟ੍ਰਸਟੀਆਂ ਨੇ ਸਵਾਮੀ ਰਾਮ ਕ੍ਰਿਸ਼ਨ ਨੂੰ ਬੁਲਾਇਆ ਤੇ ਕਿਹਾ, “ਸੁਣਿਆ ਤੂੰ ਪ੍ਰਸਾਦ ਪਹਿਲੇ ਆਪ ਚੱਖਦਾ ਹੈਂ,ਫਿਰ ਠਾਕਰਾਂ ਨੂੰ ਭੋਗ ਲਗਾਉਂਦਾ ਹੈਂ।ਇਕ ਫੁੱਲ ਕੱਢ ਕੇ ਤੂੰ ਪਹਿਲਾਂ ਆਪ ਸੁੰਘਦਾ ਹੈੰ,ਫਿਰ ਠਾਕਰਾਂ ਨੂੰ ਭੇਟ ਕਰਦਾ ਹੈਂ।”
ਰਾਮ ਕ੍ਰਿਸ਼ਨ ਕਹਿਣ ਲੱਗਾ,”ਮੇਰੀ ਮਾਂ ਬੜੇ ਪਿਆਰ ਨਾਲ ਭੋਜਨ ਤਿਆਰ ਕਰਦੀ ਸੀ।ਮੈਨੂੰ ਦੇਣ ਤੋਂ ਪਹਿਲਾਂ ਆਪ ਚੱਖ ਲੈੰਦੀ ਸੀ ਕਿ ਮੇਰੇ ਖਾਣ ਜੋਗਾ ਹੈ ਵੀ ਕਿ ਨਹੀਂ,ਦੇਖ ਲੈੰਦੀ ਸੀ ਕਿ ਨਮਕ ਘੱਟ ਹੈ ਯਾ ਬੇਸਵਾਦੀ ਹੈ,ਮਸਾਲੇ ਠੀਕ ਨੇ? ਤੇ ਫਿਰ ਪਿਆਰ ਨਾਲ ਮੇਰੇ ਅੱਗੇ ਰੱਖਦੀ ਸੀ।ਤੇ ਮੈਂ ਵੀ ਪ੍ਸਾਦ ਪਹਿਲਾਂ ਚੱਖ ਲੈਂਦਾ ਹਾਂ ਕਿ ਠਾਕਰਾਂ ਦੇ ਭੋਗ ਲਗਾਉਣ ਯੋਗ ਹੈ ਵੀ ਕਿ ਨਹੀਂ?”
ਟ੍ਰਸਟੀ ਹੈਰਾਨ ਕਿ ਅੈਸਾ ਪੁਜਾਰੀ ਤਾਂ ਅਸੀਂ ਪਹਿਲੇ ਕਦੀ ਨਹੀਂ ਦੇਖਿਆ। ਫਿਰ ਅੈਸਾ ਵੀ ਦੇਖਿਆ ਗਿਆ ਕਿ ਕਿਸੇ ਦਿਨ ਉਹ ਪੂਜਾ ਕਰਦਾ ਹੈ, ਆਰਤੀ ਉਤਾਰਦਾ ਹੈ,ਸਾਰਾ ਸਾਰਾ ਦਿਨ ਘੰਟੀ ਵਜਾਈ ਜਾ ਰਿਹਾ ਹੈ,ਗਾਈ ਜਾ ਰਿਹਾ ਹੈ ਗੀਤ ਤੇ ਕਿਸੇ ਦਿਨ ਅੈਸਾ ਵੀ ਹੁੰਦਾ ਹੈ,ਪੂਜਾ ਪੂਰੀ ਨਹੀਂ ਹੁੰਦੀ, ਆਰਤੀ ਪੂਰੀ ਨਹੀਂ ਹੁੰਦੀ ਔਰ ਇਕ ਪਾਸੇ ਬੈਠ ਜਾਂਦਾ ਹੈ।
ਇਹ ਸ਼ਿਕਾਇਤ ਵੀ ਟ੍ਰਸ਼ਟੀਆਂ ਤੱਕ ਪਹੁੰਚੀ ਤੇ ਬੁਲਾ ਕੇ ਕਿਹਾ,”ਸੁਣਿਅੈ ਕਿ ਪੂਜਾ ਕਿਸੇ ਕਿਸੇ ਦਿਨ ਅਧੂਰੀ ਛੱਡ ਦਿੰਦੇ ਹੋ,ਔਰ ਕਿਸੇ ਦਿਨ ਸਾਰਾ ਸਾਰਾ ਦਿਨ ਹੀ ਪੂਜਾ ਕਰਦੇ ਰਹਿੰਦੇ ਹੋ।”
ਤੋ ਸਵਾਮੀ ਰਾਮ ਕ੍ਰਿਸ਼ਨ ਜੀ ਕਹਿਣ ਲੱਗੇ,”ਜਦ ਪੂਜਾ ਹੁੰਦੀ ਹੈ ਤੇ ਫਿਰ ਹੁੰਦੀ ਹੈ ਤੇ ਜਦ ਫਿਰ ਨਹੀਂ ਹੁੰਦੀ ਤਾਂ ਮੈਂ ਬੈਠ ਜਾਂਦਾ ਹਾਂ।”
ਬਾਬਾ ਬੁੱਢਾ ਜੀ ਜੈਸੇ ਧੰਨ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ,ਭਾਈ ਮਨੀ ਸਿੰਘ ਜੈਸੇ ਗ੍ਰੰਥੀ ਔਰ ਸਵਾਮੀ ਰਾਮ ਕ੍ਰਿਸ਼ਨ ਜੈਸੇ ਪੁਜਾਰੀ,ਮੰਦਰਾਂ, ਗੁਰਦੁਆਰਿਆਂ ਦੀ ਸੋਭਾ ਹੁੰਦੇ ਨੇ।ਇਹਨਾਂ ਦੇ ਸਦਕਾ ਲੋਕ ਪ੍ਰਭੂ ਨਾਲ,ਗੁਰੂ ਨਾਲ ਜੁੜਦੇ ਨੇ।ਕਦੀ ਕਦਾਈਂ ਕੋਈ ਫ਼ਕੀਰ ਤਬੀਅਤ ਮਨੁੱਖ ਜਦ ਮਸਜਿਦ ਦਾ ਮੌਲਵੀ ਬਣ ਜਾਂਦਾ ਹੈ ਤਾਂ ਮਸਜਿਦ ਵਾਕਈ ਖ਼ੁਦਾ ਦਾ ਘਰ ਬਣ ਜਾਂਦੀ ਹੈ ਔਰ ਉਸ ਤੋਂ ਲੋਕਾਂ ਨੂੰ ਖ਼ੁਦਾ ਦਾ ਦਰਸ ਮਿਲਦਾ ਹੈ।
ਪੰਡਿਤ ਪੁਜਾਰੀ ਕੈਸਾ ਹੋਣਾ ਚਾਹੀਦਾ ਹੈ,ਮੇਰੇ ਪਾਤਿਸ਼ਾਹ ਕਹਿੰਦੇ ਨੇ :-
‘ਸੋ ਪੰਡਿਤੁ ਜੋ ਮਨੁ ਪਰਬੋਧੈ॥ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥’
{ਗਉੜੀ ਸੁਖਮਨੀ ਮ: ੫,ਅੰਗ ੨੭੪}