ਸੰਤ ਮਸਕੀਨ ਜੀ ਵਿਚਾਰ – ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥
ਕਹਿੰਦੇ ਨੇ ਜਦ ਬਾਣੀ ਦੀ ਬਣਤਰ ਹੋ ਰਹੀ ਸੀ, ਪਹਿਲੇ ਪਾਤਿਸ਼ਾਹ ਤੋਂ ਦੂਜੇ, ਦੂਜੇ ਤੋਂ ਤੀਜੇ ਤੱਕ ਇਹ ਪੋਥੀਆਂ ਸਿਲਸਿਲੇਵਾਰ ਆਈਆਂ ਤਾਂ ਕੁਦਰਤੀ ਗੱਲ ਦੇਸ਼ ਦੇ ਵਿਚ ਥੋੜ੍ਹੀ ਬਹੁਤ ਤੇ ਹਲਚਲ ਮੱਚਣੀ ਸੀ।
ਬ੍ਰਾਹਮਣਾਂ ਨੇ ਆਣ ਕੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ, “ਮਹਾਰਾਜ! ਇਸ ਦੇਸ਼ ਦੇ ਵਿਚ ਅਠਾਰਾਂ ਪੁਰਾਣ ਨੇ, ੨੭ ਸਿਮਰਤੀਆਂ ਨੇ, ੬ ਸ਼ਾਸ਼ਤਰ ਨੇ, ੪ ਵੇਦ ਨੇ, ੧੦੮ ਦੇ ਕਰੀਬ ਉਪਨਿਸ਼ਦਾਂ ਨੇ, ਇਸ ਤੌਂ ਇਲਾਵਾ ਹੋਰ ਛੋਟੇ ਮੋਟੇ ਗ੍ਰੰਥ ਨੇ ਤੇ ਤੁਹਾਨੂੰ ਨਵਾਂ ਗ੍ਰੰਥ ਬਨਾਉਣ ਦੀ ਕੀ ਲੋੜ ਪੈ ਗਈ ਏ? ਉਹ ਹੀ ਪੜ੍ਹੀਏ, ਵਕਤ ਕੋਈ ਨਈਂ ਬੰਦੇ ਕੋਲ ਇਤਨਾ, ਸਾਰੀ ਜ਼ਿੰਦਗੀ ਵਿਲੀਨ ਕਰ ਸਕੀਏ ਤੋ ਸਾਰਾ ਪੜ੍ਹ ਨਈਂ ਸਕਦੇ ਤੇ ਤੁਸੀਂ ਨਵੇਂ ਗ੍ਰੰਥ ਦੀ ਸਿਰਜਨਾ ਕਰਨ ਲੱਗ ਪਏ ਓ, ਆਖਿਰ ਕਿਹੜੀ ਲੋੜ ਤੁਸੀ ਮਹਿਸੂਸ ਕੀਤੀ ਏ ?”
ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ, ਆਪ ਕਹਿੰਦੇ ਨੇ,
“ਜੈਸੇ ਧਰਤੀ ਉਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਏ ॥” (ਮ: ੩, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
ਬੜਾ ਸੁੰਦਰ ਜਵਾਬ ਦਿੱਤੈ, ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਮਹਾਰਾਜ ਕਹਿੰਦੇ ਨੇ, “ਪਹਿਲੇ ਮੈਨੂੰ ਦੱਸੋ, ਧਰਤੀ ਦੇ ਉੱਪਰ ਮੀਂਹ ਪੈਂਦਾ ਹੈ ਤੇ ਧਰਤੀ ਹਰੀ ਭਰੀ ਹੋ ਜਾਂਦੀ ਏ, ਕਿਆ ਧਰਤੀ ਦੇ ਵਿਚ ਪਾਣੀ ਨਈਂ ਏਂ? ਜਦ ਧਰਤੀ ਦੇ ਵਿਚ ਪਾਣੀ ਏਂ ਤੇ ਉੱਪਰ ਬਰਸਣ ਦੀ ਕੀ ਲੋੜ ਪੈ ਗਈ ਏ ?
ਐ ਤਰਕਵਾਦੀਉ ! ਅਗਰ ਧਰਤੀ ਦੇ ਥੱਲਿਉਂ ਖੂਹ ਬਣਾ ਕੇ ਪਾਣੀ ਕੱਢੀਏ ਤਾਂ ਕਿਤਨਾ ਕੁ ਧਰਤੀ ਨੂੰ ਸੈਰਾਬ ਕਰੇਗਾ, ਕਿਤਨੀ ਕੁ ਥਾਂ ਨੂੰ ਤਰ ਕਰੇਗਾ ?
ਬਹੁਤ ਥੋੜ੍ਹੀ ਥਾਂ,ਬਹੁਤ ਥੋੜ੍ਹੀ ਥਾਂ। ਉਚੇ ਟਿੱਬੇ ਰਹਿ ਜਾਣਗੇ, ਮਾਰੂਥਲ ਰਹਿ ਜਾਏਗਾ, ਪਹਾੜਾਂ ਦੀਆਂ ਕੰਧਰਾਂ ਰਹਿ ਜਾਣਗੀਆਂ। ਬੱਦਲ ਸਾਰੀ ਥਾਂ ਤੇ ਬਰਸਦੈ, ਸਾਰੀ ਥਾਂ ਤੇ। ਤੁਹਾਡੇ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਨੇ, ਉਹ ਸਾਰੇ ਖੂਹ ਨੇ, ਪਾਣੀ ਉਨ੍ਹਾਂ ‘ਚ ਜਰੂਰ ਐ, ਪਿਆਸ ਜਰੂਰ ਬੁਝਦੀ ਏ ਪਰ ਹੁਣ ਕਿਸੇ ਦੇ ਕੋਲ ਰੱਸੀ ਹੋਵੇ, ਡੋਲ ਹੋਵੇ ਤੇ ਖਿੱਚਣ ਦੀ ਸਮਰੱਥਾ ਵੀ ਹੋਵੇ ਤਾਂ ਹੀ ਕੁਝ ਕੱਢ ਸਕੇਗਾ ਨਾ। ਪਹਿਲੇ ਤੇ ਇਨ੍ਹਾਂ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਸਤੇ ਉਹ ੩੫ ਸਾਲ ਦੇ ਕਰੀਬ ਸੰਸਕ੍ਰਿਤ ਤੇ ਵਿਆਕਰਣ ਸਿੱਖਣ ‘ਚ ਲੰਘਾ ਦੇਵੇ। ਫਿਰ ਇਨ੍ਹਾਂ ਦੇ ਅਰਥ ਬੋਧ ਪੜ੍ਹੇ, ਤੋ ਸਾਰੀ ਜ਼ਿੰਦਗੀ ਤੇ ਇਸੇ ਦੇ ਵਿਚ ਹੀ ਖਰਚ ਹੋ ਜਾਏਗੀ, ਵਿਲੀਨ ਹੋ ਜਾਏਗੀ ਤੇ ਜੇ ਕਿਧਰੇ ਇਕ ਅੱਧ ਡੋਲ ਪਾਣੀ ਦਾ ਲੱਭਾ ਵੀ ਤੇ ਪਤਾ ਨਈਂ ਉਹ ਮਿਲਣਾ ਵੀ ਹੈ ਕਿ ਨਈਂ। ਉਹ ਵੀ ਆਉਂਦਿਆਂ-੨ ਤੱਕ ਡੁੱਲੵ ਜਾਏਗਾ।
ਅਸੀਂ ਜਿਸ ਬਾਣੀ ਦਾ ਉਚਾਰਣ ਕਰ ਰਹੇ ਆਂ, ਉਹਦੇ ‘ਚ ਬਿਖਮਤਾ ਨਈਂ ਏਂ, ਉਹ ਖੁੱਲ੍ਹੀ ਏ। ਮਨੁੱਖ ਦੀ ਆਮ ਬੋਲ ਚਾਲ ਦੀ ਭਾਸ਼ਾ ਦੇ ‘ਚ ਅੈ ਔਰ ਸ਼ਬਦਾਂ ਨੂੰ ਛੁਪਾ ਕੇ ਇਤਿਹਾਸ ਤੇ ਮਿਥਿਹਾਸ ਦੇ ਨਾਲ ਨਈਂ ਜੋੜਿਆ ਗਿਆ। ਇਸ ਵਾਸਤੇ ਇਹ ਬੱਦਲਾਂ ਦਾ ਪਾਣੀ ਏਂ, ਉਹ ਧਰਤੀ ਦੇ ਵਿਚ ਦਾ ਪਾਣੀ ਏਂ।”
ਸ਼ਾਂਤ ਕਰ ਦਿੱਤਾ ਔਰ ਕਹਿ ਦਿੱਤਾ, “ਐ ਬ੍ਰਾਹਮਣ! ਤੇਰੇ ਵੇਦ ਤੇਰੇ ਤੋਂ ਬਿਨਾਂ ਕੋਈ ਹੋਰ ਨਈਂ ਜਾਣਦਾ ਔਰ ਤੂੰ ਈ ਪੁੱਠੇ ਸਿੱਧੇ ਜੋ ਅਰਥ ਕਰੇਂ, ਉਹ ਈ ਐ। ਅਸੀਂ ਉਸ ਬਾਣੀ ਦਾ ਉਚਾਰਣ ਕੀਤੈ, ਜਿਸ ਨੂੰ ਹਰ ਇਕ ਪੜ੍ਹੇ ਤੇ ਪੜ੍ਹ ਕੇ ਜੁੜੇ।” ਸ਼ੇਅਰ ਜਰੂਰ ਕਰੋ ਜੀ