ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਅੰਗ ੧੩੪
(ਗੁਰੂ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹਾੜ ਦੀ ਤਪਸ਼ ਉਹਨਾਂ ਨੂੰ ਦੁੱਖ ਦਿੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤਿ ਨਾਮ ਜਪ/ਸਿਮਰਨ ਦੁਆਰਾ ਪਤੀ ਪਰਮੇਸ਼ਰ ਨਹੀਂ ਵਸਦਾ। ਐਸੇ ਮਨੁੱਖ ਜਗਤ ਜੀਵਨ ਬਖਸ਼ਨ ਵਾਲੇ ਪ੍ਰਭੂ ਦਾ ਆਸਰਾ ਛਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।)
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
(ਅਕਾਲ ਪੁਰਖ ਪਤੀ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਜੇ ਨਾਲ ਪ੍ਰੇਮ ਪਾਇਆਂ ਖੁਆਰ ਹੋਈਦਾ ਹੈ ਤੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ। ਅਸਲ ਵਿੱਚ ਪਤੀ ਪਰਮੇਸ਼ਰ ਨੂੰ ਭੁੱਲ ਜਾਣਾ ਵੀ ਹੁਕਮ ਦਾ ਲੇਖ ਹੈ। ਜਿਸ ਮਨੁੱਖ ਦੇ ਮਸਤਕ ਤੇ ਕਰਮਾਂ ਦੇ ਜੋ ਲੇਖ ਲਿਖੇ ਹਨ ਉਹ ਵੈਸੇ ਹੀ ਕਰਮਾਂ ਦੇ ਬੀਜ ਬੀਜਦਾ ਹੈ ਤੇ ਉਸ ਨੂੰ ਵੈਸੇ ਹੀ ਫਲ ਪ੍ਰਾਪਤ ਹੁੰਦੇ ਹਨ।)
ਐਸੀ ਜੀਵਇਸਤਰੀ ਦੀ ਉਮਰ ਰੂਪੀ ਰਾਤ ਦੀ ਵਿਚਾਰ ਗੁਰੂ ਜੀ ਅੱਗੇ ਬਖਸ਼ਦੇ ਹਨ
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
(ਐਸੀ ਜੀਵਇਸਤ੍ਰੀ ਉਮਰ ਰੂਪੀ ਰਾਤ ਖ਼ਤਮ ਹੋਨ ਉਪਰੰਤ ਸੰਸਾਰ ਤੋਂ ਨਿਰਾਸ ਹੋ ਕੇ ਜਾਂਦੀ ਹੈ। ਜਿਨ੍ਹਾਂ ਨੂੰ ਸਾਧ ਗੁਰੂ ਦੀ ਸੰਗਤਿ ਨਸੀਬ ਹੋਈ ਹੈ ਉਹ ਸਿਮਰਨ/ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜੂਰੀ ਵਿੱਚ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਜਾਂਦੇ ਹਨ।)
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥
(ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਭੂ ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੀ ਯਾਦ ਮੇਰੇ ਹਿਰਦੇ ਵਿੱਚ ਰਹੇ ਤੇ ਤੇਰੇ ਦਰਸ਼ਨ ਦੀ ਤਾਂਘ ਬਨੀਂ ਰਹੇ, ਤੈਥੋਂ ਬਿਨਾਂ ਦੂਜਾ ਕੋਈ ਨਹੀਂ। ਆਸਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜੋ ਨਾਮ ਜਪ/ਸਿਮਰਨ ਦੁਆਰਾ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ।)
Waheguru g